ਪੰਨਾ:ਦੁਖੀ ਜਵਾਨੀਆਂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੨੫-

ਪਗਲਾ

ਡਓੜੀ ਵਿਚ ਪਗਲਾ ਨੱਚਦਾ ਹੋਇਆ, ਬੇਸੁਰੇ ਰਾਗ ਅਲਾਪਣ ਲੱਗਾ| ਛੋਟੇ ਛੋਟੇ ਤਮਾਸ਼ਾਈਆਂ ਦੇ ਝੁੰਡ ਉਸ ਨੂੰ ਘੇਰ ਕੇ ਖੁਸ਼ੀ ਨਾਲ ਤੌੜੀਆਂ ਮਾਰਨ ਲਗੇ ਅਤੇ ਕਈ ਤਰ੍ਹਾਂ ਦੇ ਨਾਚ ਵਖਾਉਣ ਲਈ ਤਰਲੇ ਕਰਨ ਲਗੇ| ਲੰਗੜੇ ਕੁੱਤੇ ਦਾ ਨਾਚ, ਡੱਡੂ ਦਾ ਨਾਚ, ਲੂਮੜੀ ਦਾ ਨਾਚ-ਸਾਰੇ ਨਾਚਾਂ ਦੇ ਅਨੋਖੇ ਨਮੂਨੇ ਵਿਖਾ ਕੇ ਉਸ ਨੇ ਸਾਰਿਆਂ ਨੂੰ ਖੂਬ ਹਸਾਇਆ ਤੇ ਆਪ ਵੀ ਹੱਸਦਾ ਹੱਸਦਾ ਧਰਤੀ ਉਤੇ ਲੋਟਪੋਟ ਹੋਣ ਲੱਗਾ।

ਹੁਣ ਉਸ ਦੀ ਮਰਜ਼ੀ ਵੇਸ਼ਵਾ ਨਾਚ ਵਿਖਾਉਣ ਦੀ ਹੋਈ। ਝੱਟ ਹੀ ਆਪਣੀ ਧੋਤੀ ਖੋਹਲ ਕੇ, ਚੁੰਨੀ ਵਾਂਗ ਸਿਰ ਤੇ ਲੈ ਕੇ, ਵੇਸ਼ਵਾ ਨਾਚ ਦਾ ਨਮੂਨਾ ਦਿਖਾਉਣ ਲੱਗਾ|ਮੰਦਰ ਵਿਚ ਆਈਆਂ ਇਸਤ੍ਰੀਆਂ ਨੇ ਲੱਜਾ ਨਾਲ ਮੂੰਹ ਫੇਰ ਲੀਤਾ, ਪੁਰਸ਼ ਰੌਲਾ ਪਾਉਣ ਲਗੇ, ਪਰ ਬੱਚੇ ਬੜੇ ਅਨੰਦ - ਨਾਲ ਤੌੜੀਆਂ ਮਾਰ ਕੇ ਹੱਸਣ ਲਗੇ।

ਰੌਲਾ ਸੁਣ ਕੇ ਪੁਜਾਰੀ ਨੱਠਾ ਆਇਆ। ਪਾਗਲ ਨੂੰ ਇਵੇਂ ਨੰਗਿਆਂ ਨੱਚਦਿਆਂ ਵੇਖ ਕੇ ਓਹ ਗੁੱਸੇ ਨਾਲ ਭੌਂਦਲ ਗਿਆ, ਝਟ ਹੀ ਮੰਦਰ ਵਿਚੋਂ ਮੋਟਾ ਡੰਡਾ ਕਢ ਲਿਆਇਆ। ਦੋ ਚਾਰ, ਸੱਟਾਂ ਪਗਲੇ ਦੇ ਲੱਕ ਵਿਚ ਮਾਰ ਕੇ ਪੁਜਾਰੀ ਨੇ ਉਸ ਨੂੰ ਧੋਤੀ ਬੰਨਣ ਵਾਸਤੇ ਹੁਕਮ ਦਿੱਤਾ। ਪਗਲਾ ਚੀਕਾਂ ਮਾਰਦਾ ਹੋਇਆ, ਧੋਤੀ ਨੂੰ ਲੱਕ ਨਾਲ ਲਵੇਟਦਾ ਹੋਇਆ ਨੱਠ ਪਿਆ। ਫੇਰ ਆਪਣੇ ਬੋਹੜ ਦੇ ਥੱਲੇ ਆ ਕੇ ਧਰਤੀ ਉਤੇ ਲੰਮਾ ਪਿਆ ਕਿੰਨਾ ਚਿਰ, ਆਪੇ ਨਾਲ ਗੱਲਾਂ ਕਰਦਾ ਰਿਹਾ.. ...।