ਪੰਨਾ:ਦੁਖੀ ਜਵਾਨੀਆਂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-43-

ਵਿਛੋੜਾ

ਪਿੰਡ ਦੀ ਕੁੜੀ ਜਹੀ ਪ੍ਰਤੀਤ ਹੋਈ। ਕੋਲ ਹੀ ਇਕ ਬੈਂਚ ਤੇ ਬੈਠ ਕੇ ਦੋਹਾਂ ਦੋਸਤਾਂ ਨੇ ਦਿਲ ਖੋਹਲ ਕੇ ਗਲਾਂ ਕੀਤੀਆਂ। ਕਿਸ਼ਨ ਦੀਆਂ ਚੋਟੀਆਂ ਨਜ਼ਰਾਂ ਨੂੰ ਰਾਧਾ ਬਹੁਤ ਚੰਗੀ ਲਗ ਰਹੀ ਸੀ। ਫੈਸ਼ਨੇਬਲ ਸੁੰਦਰੀਆਂ ਨਾਲ ਜੋ ਉਸ ਨੂੰ ਘਿਰਣਾ ਸੀ, ਉਹ ਰਾਧਾ ਨੂੰ ਵੇਖ ਕੇ ਹੋਰ ਵੀ ਵਧ ਗਈ। ਜਾਣ ਲਗਿਆਂ ਉਸੇ ਰਾਧਾ ਨੇ ਭਰਾਤਾ ਦੇ ਇਸ਼ਾਰੇ ਤੇ ਸ਼ਰਮਦਿਆਂ ਸ਼ਰਮਦਿਆਂ, ਸਾਦੇ ਪਰ ਨਵੀਨ ਮਨ ਮੋਹਨੇ ਢੰਗ ਨਾਲ ਨਮੱਸਤੇ ਕੀਤੀ।

ਕੁਛ ਦਿਨਾਂ ਪਿਛੋਂ ਇਹ 'ਚੰਗਾ ਲਗਣਾ' ਹੀ ਰਾਧਾ-ਕਿਸ਼ਨ ਨੂੰ ਪ੍ਰੇਮ ਦੀ ਵੇਦੀ ਤੇ, ਜੀਵਨ ਭਰ ਦੇ ਬੰਧਨ ਲਈ ਮੇਲ ਗਿਆ। ਉਹਨਾਂ ਦੋਹਾਂ ਦੇ ਦਿਨ ਤੇ ਕਵਿਤਾ ਸੰਗੀਤ ਪਿਆਰ ਦੇ ਚੋਹਲਾਂ ਵਿਚ ਬੀਤ ਜਾਂਦੇ....

ਕਿਸ਼ਨ ਬੁੜ ਬੁੜਾਉਣ ਲਗ ਪਿਆ-ਰਾਧਾ ਦੀ ਸਦਾ ਦੇ ਵਿਛੋੜੇ ਵਾਲੇ ਦਿਨ ਦੀ ਤਸਵੀਰ...! ਹਾਏ, ਰਾਧਾ ਕਿਥੇ ਚਲੀ ਗਈ .....?

ਹੈਂ! ਰਾਧਾ ਦੀ ਚੂੜੀਆਂ ਦੀ ਝਨਕਾਰ! ਰਾਧਾ ਹੌਲੀ ਹੌਲੀ,ਮਧੁਰ ਕਦਮਾਂ ਨਾਲ ਉਸ ਵਲ ਆ ਰਹੀ ਸੀ। ਬਸੰਤੀ ਰੰਗ ਦੀ ਸਾੜ੍ਹੀ.....ਉਹ ਵੀ ਖਬੀ ਬੁਕਲ ਵਾਲੀ ਲੰਮੇ ਲੰਮੇ ਵਾਲਾਂ ਦੀਆਂ ਦੋ ਗੁਤਾਂ ਕਾਲੀਆਂ ਨਾਗਣਾਂ ਵਾਂਗ ਦੋਹਾਂ ਮੋਢਿਆਂ ਨੂੰ ਚੁੰਮਣ ਲਈ ਝੁਕੀਆਂ ਹੋਈਆਂ ਸਨ। ਕਿਸ਼ਨ ਦੇ ਪਲੰਘ ਕੋਲ ਆ ਕੇ ਮਧੁਰ ਮੁਸਕਾਨ ਨਾਲ ਰਾਧਾ ਉਸ ਦੀ ਛਾਤੀ ਤੇ ਸਿਰ ਰਖ ਕੇ ਲੇਟ ਗਈ। ਫੇਰ ਉਸ ਦੇ ਹਥਾਂ ਦਾ ਕਈ ਵਾਰ ਚੁੰਮਣ ਕਰਕੇ ਉਹ ਹੌਲੇ ਹੌਲੇ ਬੋਲੀ-ਪਿਆਰੇ