ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਭੱਠੀ ਵਾਲੀ ਹੋਰ

ਛੋਟੇ ਹੁੰਦੇ ਕਿਸੇ ਨੇ ਇਕ ਕਹਾਣੀ ਸੁਣਾਈ ਸੀ, ‘ਅੱਖੇ ਇੱਕ ਬੰਦੇ ਦਾ ਨਾਮ ‘ਬੁੱਧੂ' ਸੀ, ਉਹ ਕੋਈ ਕੰਮ-ਕਾਰ ਨਹੀਂ ਸੀ ਕਰਦਾ, ਸਾਰਾ ਦਿਨ ਐਧਰ ਉਧਰ ਤੁਰੇ ਫਿਰਦੇ ਰਹਿਣਾ ਜਾਂ ਕਿਸੇ ਨਾਲ ਲੜ ਪੈਣਾ। ਘਰਦੇ ਵੀ ਉਸ ਤੋਂ ਤੰਗ ਸਨ ਤੇ ਇਕ ਦਿਨ ਉਹ ਗੁੱਸਾ ਖਾ ਕਿ ਪਿੰਡੋਂ ਤੁਰ ਗਿਆ। ਤੁਰਦੇ- ਤੁਰਦੇ ਜਦ ਤਕਾਲਾਂ ਹੋ ਗਈਆਂ ਤਾਂ ਉਸਨੂੰ ਜ਼ੋਰ ਦੀ ਭੁੱਖ ਲੱਗੀ। ਪਰ ਰੋਟੀ ਕਿੱਥੋਂ ਖਾਵੇ? ਪਿੰਡ ਦੇ ਇਕ ਖੁੱਲ੍ਹੇ ਥਾਂ ਉਸਨੇ ਇੱਕ ਝੀਊਰੀ ਦਾਣੇ ਭੁੰਨਦੀ ਦੇਖੀ। ਉਸਨੇ ਝੀਊਰੀ ਨੂੰ ਆਖਿਆ ਕਿ ਉਹ ਭੱਠੀ ਨੂੰ ਝੋਕਾ ਦੇਣ ਵਿਚ ਉਸਦੀ ਮੱਦਦ ਕਰ ਸਕਦਾ ਹੈ ਜੇਕਰ ਉਹ ਉਸਨੂੰ ਕੁਝ ਭੁੱਜੇ ਦਾਣੇ ਦੇ ਦੇਵੇ। ਝੀਊਰੀ ਮੰਨ ਗਈ ਕਿਉਂਕਿ ਉਸ ਕੋਲ ਉਸ ਵੇਲੇ ਕਾਫ਼ੀ ਚੁੰਗਾਂ ਸਨ। ਬੁੱਧੂ ਨੇ ਝੋਕਾ ਲਾਉਣਾ ਸ਼ੁਰੂ ਕਰ ਦਿੱਤਾ। ਕਦੇ-ਕਦੇ ਕੋਈ ਖਿੱਲ ਭੁੜਕ ਕਿ ਉਸ ਵੱਲ ਆ ਡਿਗਦੀ ਤਾਂ ਉਹ ਚੁੱਕ ਕਿ ਖਾ ਲੈਂਦਾ। ਇਕ ਵੇਰ ਇਕ ਖਿੱਲ ਕੁਝ ਦੂਰ ਜਾ ਡਿੱਗੀ। ਬੁੱਧੂ ਝੋਕਾ ਛੱਡ ਕਿ ਉਹ ਖਿੱਲ ਲੱਭਣ ਲੱਗ ਪਿਆ। ਝੀਊਰੀ ਗਰਮ-ਗਰਮ ਦਾਤੀ ਬੁੱਧੂ ਦੇ ਲਾ ਕਿ ਬੋਲੀ, “ਵੇ ਬੁੱਧੂਆ, ਝੋਕਾ ਲਾ, ਖਿੱਲਾਂ ਫੇਰ ਚੁੱਗੀਂ।" ਬੁੱਧੂ ਇੱਕ ਦਮ ਉੱਠ ਕਿ ਖੜ੍ਹ ਗਿਆ ਤੇ ਬੋਲਿਆ, “ਬੇਬੇ ਪਹਿਲੋਂ ਇਹ ਦਸ ਤੈਨੂੰ ਮੇਰਾ ਨਾਮ ਕੀਹਨੇ ਦੱਸਿਆ?".......

..ਕਹਾਣੀ ਸ਼ਾਇਦ ਅੱਗੇ ਹੋਰ ਵੀ ਸੀ।

ਮੇਰੇ ਬਾਲ ਮਨ ਤੇ ਇਸਦਾ ਕਾਫੀ ਅਸਰ ਹੋਇਆ ਕਿ ਵੱਡੇ ਤੇ ਸਿਆਣੇ ਲੋਕ ਤੁਹਾਡੇ ਬਾਰੇ ਆਪੇ ਜਾਣ ਜਾਂਦੇ ਹਨ। ਉਹਨਾਂ ਕੋਲੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ। ਇਸ ਗੱਲ ਦੀ ਪ੍ਰੋੜਤਾ ਲਈ ਮੈਂ ਕਈ ਵਾਰੀ ਪਿੰਡ ਦੀ ਭੱਠੀ ਇੰਵੇਂ ਹੀ ਖਿੱਲਾਂ ਚੁਗਣ ਗਿਆ ਕਿ ਦੇਖਾਂ, ਇਹ ਝੀਊਰੀ ਮੇਰਾ ਨਾਮ ਬੁੱਝਦੀ ਹੈ ਕਿ ਨਹੀਂ? ਪਰ ਹਰ ਵਾਰੀ, ‘ਵੇ ਪੁੱਤਰਾ’ ਜਾਂ ‘ਵੇ ਦੋਹਤਿਆ' ਤੋਂ ਇਲਾਵਾ ਉਸਨੇ ਕੁਝ ਨਾ ਕਿਹਾ। ਮੈਨੂੰ ਲੱਗਦਾ ਸੀ ਕਿ ਇਹ ਝੀਊਰੀ ਹਾਲੇ ਸਿਆਣੀ ਨਹੀਂ ਹੋਈ, ਇਹ ਤਾਂ ਬਸ ਰਿਸ਼ਤੇ ਹੀ ਦਸ ਸਕਦੀ ਹੈ, ਨਾਮ ਨਹੀਂ।

40 ਸਾਲ ਬਾਅਦ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਰੀਝ ਨਾਲ ਗੂੜ ਮਾਲਵੇ ਦੇ ਇਕ ਪਿੰਡ ਗਿਆ। ਪੰਜਾਬੀ ਸਭਿਆਚਾਰਕ ਪਿੰਡ ਦੀ

ਦੋ ਬਟਾ ਇਕ-12