ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੂਹੇ ਦਾ ਬੁੱਤ

ਕਿਸੇ ਨੇ ਕਿਹਾ ਸੀ, 'ਪੁੱਟਿਆ ਪਹਾੜ ਤੇ ਨਿਕਲਿਆ ਚੂਹਾ'। ਇੰਨੀ ਮਿਹਨਤ ਤੋਂ ਬਾਅਦ ਇਕ ਚੂਹੇ ਦਾ ਮਿਲਣਾ ਸਮਝ ਨਹੀਂ ਲਗਦੀ ਕਿ, ਪ੍ਰਾਪਤੀ ਹੈ ਜਾਂ ਨਿਰਾਸ਼ਾ। ਸੋਚਣ ਵਾਲੀ ਗੱਲ ਹੈ ਕਿ, ਇਹ ਚੂਹਾ ਹੈ ਕੀ ਸ਼ੈਅ? ਕਿਹੜੀ ਕਿਸਮ ਦਾ ਹੈ ਤੇ ਪਹਾੜ ਦੇ ਐਨ ਥੱਲੇ ਕਿਵੇਂ ਪਹੁੰਚਿਆ। ਜੇਕਰ ਇਹ ਇੰਨੀ ਲੰਮੀ ਖੁੱਡ ਪੁੱਟ ਕਿ ਪਹੁੰਚਿਆ ਹੈ ਤਾਂ ਜ਼ਰੂਰ ਇਹ ਇਕ ਮਿਹਨਤੀ ਤੇ ਕੀਮਤੀ ਚੂਹਾ ਹੈ। ਜੇਕਰ ਇਹ ਕਿਸੇ ਕੁਦਰਤੀ ਆਫ਼ਤ ਰਾਹੀਂ, ਜਿਵੇਂ ਤੂਫਾਨ, ਭੂਚਾਲ ਆਦਿ ਨਾਲ ਥੱਲੇ ਗਿਆ ਤਾਂ ਇੰਨਾ ਲੰਮਾ ਸਮਾਂ ਗਰਮੀ ਵਿਚ ਦੱਬੇ ਰਹਿਣ ਦੇ ਬਾਵਜੂਦ ਸਹੀ ਸਲਾਮਤ, ਪਛਾਨਣ ਯੋਗ ਕਿਵੇਂ ਰਿਹਾ। ਵਿਗਿਆਨੀ ਦਸਦੇ ਹਨ ਕਿ ਧਰਤੀ ਥਲਿਓਂ ਗਰਮ ਹੈ ਤੇ ਕੋਈ ਵੀ ਚੂਹੇ ਵਰਗੀ ਚੀਜ਼ ਛੇਤੀ ਹੀ ਖਰਾਬ ਹੋ ਜਾਂਦੀ ਹੈ। ਮੈਂ ਬਹੁਤ ਹੈਰਾਨ ਹਾਂ ਕਿ ਸਾਹਿਤਕਾਰਾਂ, ਲੇਖਕਾਂ ਜਾਂ ਇਸ ਕਹਾਵਤ ਦੇ ਰਚੇਤਾ ਨੂੰ ਇਹ ਚੂਹਾ ਕਿਵੇਂ ਮਿਲਿਆ। ਗੱਲ ਮੇਰੇ ਦਿਲ ਨੂੰ ਨਹੀਂ ਲਗਦੀ। ਇਸ ਸੁਆਲ ਦੇ ਜੁਆਬ ਦੀ ਹਮੇਸ਼ਾਂ ਤਲਾਸ਼ ਵਿਚ ਰਿਹਾ ਹਾਂ।

ਪਰ ਹੁਣ ਮੈਨੂੰ ਇਸਦਾ ਸਹੀ ਜੁਆਬ ਲਗਪਗ ਮਿਲ ਹੀ ਗਿਆ। ਸਾਡੇ ਸ਼ਹਿਰ ਵਿਚ ਇਕ ਪ੍ਰੋਫੈਸਰ ਨੁਮਾ ਰਿਟਾਇਰਡ ਆਦਮੀ ਹੈ। ਇਸਦਾ ਕੰਮ ਹੈ ਹਮੇਸ਼ਾ ਬੋਲਦੇ ਰਹਿਣਾ। ਮੱਧ-ਬੁੱਧੀ ਲੋਕ ਇਸਨੂੰ ਬਹੁਤ ਵੱਡਾ ਵਿਦਵਾਨ ਮੰਨਦੇ ਹਨ। ਇਸਨੇ ਕਦੇ ਕਿਸੇ ਦੇ ਫਾਇਦੇ ਦੀ ਗੱਲ ਨਹੀਂ ਕੀਤੀ। ਇਹ ਇਕ ਮਿੰਟ ਵਿਚ ਤੁਹਾਡੇ ਹੱਕ ਵਿਚ ਬੋਲੇਗਾ ’ਤੇ ਤੁਸੀਂ ਜ਼ਰਾ ਦੂਰ ਹੋਵੋ ਝੱਟ ਤੁਹਾਨੂੰ ਘਟੀਆ ਹੋਣ ਦਾ ਸਰਟੀਫਿਕੇਟ ਦੇ ਦੇਵੇਗਾ। ਪਹਿਲੋਂ ਪਹਿਲੋਂ ਤਾਂ ਲੋਕ ਇਸਦਾ ਗੁੱਸਾ ਕਰਦੇ ਸਨ। ਪਰ ਹੁਣ ਲੋਕ ਇਸ ਮਿਕਨਾਤੀਸੀ ਸ਼ਖ਼ਸੀਅਤ ਦੇ ਬੋਲਾਂ ਦੇ ਆਦੀ ਹੋ ਗਏ ਹਨ। ਜਦੋਂ ਉਹ ਸਟੇਜ ਤੇ ਜਾਂ ਕਿਸੇ ਸਭਾ ਵਿਚ ਬਿਨਾਂ ਸਿਰ ਪੈਰ ਤੋਂ ਬੋਲ ਰਿਹਾ ਹੁੰਦਾ ਹੈ ਤਾਂ ਲੋਕ ਆਪਣੇ ਕੰਨਾਂ ਵਿਚ ਖਿਆਲੀ ਰੂੰ ਦੇ ਲੈਂਦੇ ਹਨ। ਕਈ ਸਾਲ ਅਸੀਂ ਉਸਦੀਆਂ ਗੱਲਾਂ ਨੂੰ ਵੀ ਚੂਹਾ ਲੱਭਣ ਵਾਂਗ ਹੀ ਸਮਝਦੇ ਰਹੇ।

ਦੋ ਬਟਾ ਇਕ-143