ਪਿਛਲੇ ਦਿਨੀਂ ਇਕ ਸਮਾਗਮ ਦੌਰਾਨ ਜਦੋਂ ਸਭਾਪਤੀ ਨੇ ਨਾਮ ਲੈਕੇ ਇਸਨੂੰ ਦੋ ਮਿੰਟ ਲਈ ਸਟੇਜ ਤੇ ਬੁਲਾਇਆ। ਨਾਂਹ ਨਾ ਕਰਨ ਵਰਗੀ ਨਾਂਹ-ਨੁੱਕਰ ਕਰਦਾ ਸ਼ਬਦ ਘੁਮੇਟਣੀਆ ਸਟੇਜ ਤੇ ਆ ਗਿਆ, ਜੋ ਉਸ ਭਾਸ਼ਨ ਦਿੱਤਾ ਕੁਝ ਇਸ ਤਰ੍ਹਾਂ ਸੀ, 'ਦੋ ਮਿੰਟ ਮੈਂ ਨਹੀਂ ਬੋਲ ਸਕਦਾ ਮੈਨੂੰ ਅਗਰ ਦੋ ਮਿੰਟ ਬੁਲਾਣਾ ਹੋਵੇ ਤਾਂ ਇਕ ਦਿਨ ਪਹਿਲੋਂ ਦਸੋ, ਮੈਂ ਤਿਆਰੀ ਕਰਕੇ ਹੀ ਬੋਲ ਸਕਦਾ ਹਾਂ। ਹਾਂ ਬਿੰਨਾਂ ਤਿਆਰੀ ਤੋਂ ਮੈਂ ਦੋ ਘੰਟੇ ਬੋਲ ਸਕਦਾ ਹਾਂ। ਇਹ ਬਸ ਇਵੇਂ ਹੈ ਜਿਵੇਂ ਪਹਾੜ ਵਿਚ ਇਕ ਬੁੱਤ ਦਬਿਆ ਹੋਵੇ। ਜਿਸਨੇ ਇਕ ਦਿਨ ਸੋਚ ਲਿਆ ਕਿ ਬੁੱਤ ਕਿੱਥੇ ਹੈ ਉਹ ਦੋ ਮਿੰਟ ਵਿਚ ਬੁੱਤ ਕੱਢ ਲਏਗਾ ਤੇ ਜਿਸਨੂੰ ਤੁਸੀਂ ਝੱਟ ਦੇਣੀ ਬੁੱਤ ਕੱਢਣ ਲਈ ਆਖੋਗੇ, ਉਹ ਤਾਂ ਦੋ ਘੰਟੇ ਪਹਾੜ ਦੇ ਪੱਥਰ ਹੀ ਆਸੇ ਪਾਸੇ ਸੁਟੇਗਾ, ਬੁੱਤ ਉਸ ਨੂੰ ਨਹੀਂ ਲੱਭੇਗਾ। ਸੋ ਦੋਸਤੋ ਜੇਕਰ ਬੁੱਤ ਲਭਣਾ ਤਾਂ ਫੇਰ ਸਹੀ, ਜੇ ਫੇਰ ਨਹੀਂ ਤਾਂ........' ਤੇ ਉਹ ਘੱਟੋ ਘੱਟ 1 ਘੰਟੇ ਦਾ ਲੈਕਚਰ ਦੇ ਗਿਆ। ਮੇਰੇ ਨਾਲ ਬੈਠਾ ਇਕ ਕਵੀ ਬੋਲਿਆ ‘ਦੇਖ ਕਿਵੇਂ ਪਹਾੜ ਦੇ ਪੱਥਰ ਪਾਸੇ ਸੁੱਟੀ ਜਾ ਰਿਹਾ ਹੈ।'
ਪਰ ਮੈਨੂੰ ਉਸਦਾ ਭਾਸ਼ਨ ਸੁਣ ਕਿ ਸਮਝ ਲਗ ਚੁੱਕੀ ਸੀ ਕਿ ਪਹਾੜ ਦੇ ਹੇਠਾਂ ਚੂਹਾ ਨਹੀਂ, ਬੁੱਤ ਹੈ ਤੇ ਹੋ ਸਕਦਾ ਉਹ ਬੁੱਤ ਹੋਵੇ ਵੀ ਚੂਹੇ ਦਾ ਹੀ। ਕਿਉਂਕਿ ਸਾਡੇ ਬਜ਼ੁਰਗ, ਜਿਨ੍ਹਾਂ ਨੇ ‘ਪੁੱਟਿਆ ਪਹਾੜ ਤੇ ਨਿਕਲਾ ਚੂਹਾ' ਕਹਾਵਤ ਘੜੀ ਸੀ ਐਨੇ ਝੂਠੇ ਨਹੀਂ ਹੋ ਸਕਦੇ, ਜ਼ਰੂਰ ਉਨ੍ਹਾਂ ਨੂੰ ਲਭਿਆ ਵੀ ਚੂਹੇ ਦਾ ਬੁੱਤ ਹੀ ਹੋਵੇਗਾ, ਬਸ ਉਹ ਜਨਤਾ ਦਾ ਦਿਲ ਰੱਖ ਗਏ।
ਅਜੇ ਤਾਂ ਬਹੁਤ ਕੁਝ ਅਣਛੋਹਿਆ ਹੈ....
ਦੋ ਬਟਾ ਇਕ–144