ਖਰਾਬ ਹੋਏ ਨੈਗਟਿਵਾਂ ਵਿਚ ਉਹ ਫੋਟੋਆਂ ਵੀ ਸਨ। ਖੈਰ ਕੁੱਕੂ ਦੀ ਮਸ਼ੀਨ ਨਾਲ ਕਲਾਕਾਰੀ ਨੇ ਸਾਡੀ ਦੋਸਤੀ ਗੂਹੜੀ ਕਰ ਦਿੱਤੀ। ਮੇਰੇ ਕੋਲ ਸਾਇਕਲ ਸੀ, ਵੈਸੇ ਸਾਡੇ ਸਾਰਿਆਂ ਕੋਲ ਸਿਰਫ ਸਾਈਕਲ ਹੀ ਸਨ। ਪਰ ਕੁੱਕੂ ਕੋਲ ਇਕ ਭੂਰੇ ਜਿਹੇ ਰੰਗ ਦਾ ਸਕੂਟਰ ਵੀ ਸੀ। ਉਹ ਸਕੂਟਰ ਤੇ ਕਾਰਖਾਨੇ ਦੇ ਕੰਮ ਕਰਨ ਵੀ ਜਾਂਦਾ ਸੀ। ਅਕਸਰ ਹੀ ਉਸਨੇ ਕਿਸੇ ਨਾ ਕਿਸੇ ਨੂੰ ਨਾਲ ਲੈ ਜਾਣਾ। ਬਸ ਚਲੀਂ ਜ਼ਰਾ, ਬੈਠ ਪਿੱਛੇ, ਐਥੇ ਹੀ ਜਾਣਾ, ਆਏ ਕਿ ਆਏ। ਕੁਝ ਝੂਟੇ ਲੈਣ ਦੀ ਖਾਹਿਸ਼, ਕੁਝ ਟਾਇਮ ਪਾਸ ਤੇ ਕੁਝ ਦੋਸਤੀ ਦਾ ਅਹਿਸਾਸ, ਝੱਟ ਪਿੱਛੇ ਬਹਿ ਜਾਣਾ। ਪੰਜ ਚਾਰ ਮਿੰਟ ਬਾਅਦ ਹੀ ਕੁੱਕੂ ਨੇ ਸਕੂਟਰ ਦੱਸੇ ਰਾਹ ਤੋਂ ਪਾਸੇ ਕਿਸੇ ਗਲੀ, ਸੜਕ ਤੇ ਮੋੜ ਲੈਣਾ। ‘ਓਏ ਇਹ ਕਿੱਧਰ?' ‘ਕੁਝ ਨਹੀਂ ਆਹ ਇਕ ਛੋਟਾ ਜਿਹਾ ਸੁਨੇਹਾ ਦੇਣਾ।' ਇਸ ਤਰ੍ਹਾਂ ਹਰ ਵਾਰ ਹੋਣਾ। ਉਂਜ ਮੈਨੂੰ ਵੀ ਕੋਈ ਫਰਕ ਨਹੀਂ ਸੀ ਪੈਂਦਾ। ਘੁਮਾਰ ਮੰਡੀ ਹੋਈ ਜਾਂ ਕ੍ਰਿਸ਼ਨਾ ਨਗਰ ਕੀ ਫਰਕ ਪੈਂਦਾ ਹੈ। ਜਦੋਂ ਉਸਨੇ ਭੀੜ ਦੇਖਣੀ ਤਾਂ ਸਕੂਟਰ ਟ੍ਰੈਫਿਕ ਦੇ ਖੱਬੇ ਪਾਸਿਓਂ ਕੱਢ ਲੈਣਾ। ਟ੍ਰੈਫਿਕ ਨਿਯਮਾਂ ਦੇ ਉਲਟ ਚੱਲਣ ਤੇ ਕਹਿਣਾ ਤਾਂ, ਉਸ ਨੇ ਜਾਂ ਅਣਸੁਣੀ ਕਰ ਦੇਣੀ ਜਾਂ ਫੇਰ ਚੁੱਪ ਕਰਾ ਦੇਣਾ। ਹੌਲੀ ਹੌਲੀ ਉਸਦੇ ਇਹ ਖੱਬੇ ਕੱਟ ਮਸ਼ਹੂਰ ਹੁੰਦੇ ਗਏ। ਸਾਰੇ ਦੋਸਤਾਂ ਨੇ ਇਸਦਾ ਨਾਮ ਕੁੱਕੂ ਕੱਟ ਰੱਖ ਦਿੱਤਾ। ਅੱਜ ਜਦੋਂ ਸੈਂਕੜੇ ਲੋਕਾਂ ਨੂੰ ਸਕੂਟਰਾਂ, ਬੱਸਾਂ, ਕਾਰਾਂ ਆਦਿ ਖੱਬੇ ਪਾਸਿਓਂ ਕੱਢਦੇ ਦੇਖਦਾ ਹਾਂ ਤਾਂ ਉਸੇ ਪਲ ਕੁੱਕੂ ਕੱਟ ਦੀ ਯਾਦ ਆ ਜਾਂਦੀ ਹੈ। ਹੁਣ ਕੁੱਕੂ ਨੂੰ ਮਿਲਿਆਂ ਚੰਗਾ ਚੋਖਾ ਸਮਾਂ ਹੋ ਗਿਆ ਹੈ। ਸ਼ਾਇਦ ਉਸਨੇ ਜ਼ਿੰਦਗੀ ਵਿਚ ਕਿਸੇ ਥਾਂ ਨਵਾਂ ਕੁੱਕੂ ਕੱਟ ਮਾਰ ਲਿਆ ਹੋਵੇ। ਸ਼ਾਲਾ। ਉਹ ਕਦੇ ਮੇਨ ਰੋਡ ਤੇ ਮਿਲ ਜਾਵੇ।
***
ਦੋ ਬਟਾ ਇਕ-44