ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੋਂ ਅਸੀਂ ਇਕ ਇਹੋ ਜਿਹੇ ਪਿੰਡ ਦੇ ਸਿਖਰ 'ਤੇ ਪਹੁੰਚ ਗਏ, ਜਿੱਥੇ ਜਾ ਸਾਰੀ ਬੱਸ ਖਾਲੀ ਹੋ ਗਈ, ਸਾਨੂੰ ਪਤਾ ਹੀ ਨਾ ਲੱਗਾ। ਸਵੇਰ ਦਾ ਖੂਬਸੂਰਤ ਮੌਸਮ, ਸਾਫ਼ ਗੂੜਾ ਨੀਲਾ ਅਸਮਾਨ, ਖੱਟੇ ਪੀਲੇ ਝੂਮਦੇ ਪਾਪੂਲਰ ਦੇ ਰੁੱਖ, ਲਹਿਲਹਿਲਾਉਂਦੀਆਂ ਗੂੜੀਆਂ ਹਰੀਆਂ ਫਸਲਾਂ, ਧੂੜ ਰਹਿਤ ਪਹਾੜ ਤੇ ਲੋਕਾਂ ਦੇ ਸੇਬ ਜਿਹੇ ਲਾਲ ਚਿਹਰੇ, ਮਿੱਟੀ ਨਾਲ ਲਿੱਪੇ ਸਾਫ ਸੁਥਰੇ ਘਰ, ਛੱਤਾਂ ਤੇ ਪਈਆਂ ਪੱਕੀ ਫਸਲ ਦੀਆਂ ਭਰੀਆਂ। ਕਿਸੇ ਫੋਟੋਗਰਾਫਰ ਲਈ ਇਹੀ ਤਾਂ ਸਵਰਗ ਦੀ ਹਕੀਕਤ ਹੈ।

ਕੈਮਰੇ ਦੀ ਕਲਿਕ ਕਲਿਕ ਵਿਚ ਅਸੀਂ ਇਕ ਦੂਜੇ ਤੋਂ ਦੂਰ-ਦੂਰ ਚਲੇ ਗਏ। ਹੌਲੀ-ਹੌਲੀ ਕਾਇਨਾਤ ਸਾਡੇ ਅੰਦਰ ਸਮਾਉਣ ਲੱਗ ਪਈ ਤੇ ਸਾਡੇ ਕੈਮਰੇ ਮੱਠੇ ਪੈਣੇ ਸ਼ੁਰੂ ਹੋ ਗਏ। ਸਾਥੀਆਂ ਦਾ ਖਿਆਲ ਆਉਣ ਲੱਗਾ। ਪੈਰ ਹੋਰ ਤੁਰਨੋਂ ਝਿਜਕ ਰਹੇ ਸਨ। ਰਣਜੋਧ ਨੇ ਮੈਨੂੰ ਦੇਖ ਲਿਆ ਸੀ ਤੇ ਸੱਗੂ, ਏ ਪੀ. ਨੂੰ ਲੱਭ ਚੁੱਕਾ ਸੀ। ਚਾਰੋ ਜਣੇ ਅਸੀਂ ਇਕ ਖ਼ਾਲ 'ਤੇ 'ਕੱਠੇ ਬੈਠ ਗਏ। ਕਿਸੇ ਚਸ਼ਮੇ ਦਾ ਠੰਡਾ ਸਾਫ਼ ਪਾਣੀ ਚੱਲ ਰਿਹਾ ਸੀ। ਰੱਜ-ਰੱਜ ਕਿ ਪੀਤਾ। ਕੈਮਰੇ ਵੀ ਸਾਥੋਂ ਅੱਕ ਚੁੱਕੇ ਸਨ ਤੇ ਅਸੀਂ ਵੀ ਸਵਰਗ ਦਾ ਝੂਟਾ ਲੈ ਚੁੱਕੇ ਸਾਂ। ਹੋਟਲ ਦੇ ਕਮਰੇ ਵਿੱਚ ਜਦੋਂ ਸਾਨੂੰ ਸਾਡੇ ਬਾਕੀ ਸਾਥੀ ਰੋਟੀ ਵਾਸਤੇ ਸੱਦਣ ਆਏ ਤਾਂ ਸਾਨੂੰ ਬਿਲਕੁਲ ਯਾਦ ਨਹੀਂ ਸੀ ਕਿ ਕਦੋਂ ਵਾਪਸੀ ਬਸ ਚੜ੍ਹੇ ਤੇ ਅੱਡੇ ਤੋਂ ਕਿੱਦਾਂ ਹੋਟਲ ਪਹੁੰਚੇ ਤੇ ਸਾਡੇ ਕਿਸ ਕੋਲ ਕਮਰੇ ਦੀ ਚਾਬੀ ਸੀ। ਬਸ ਯਾਦ ਸੀ ਤਾਂ ਇਕ ਸਵਰਗ ਦਾ ਅਨੰਦਮਈ ਬੂਟਾ। ਜੋ ਅੱਜ ਵੀ ਯਾਦ ਆਕੇ ਨਸ਼ਿਆ ਦੇਂਦਾ ਹੈ।

***

ਦੋ ਬਟਾ ਇਕ-61