ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਵੇ। ਜੱਟ ਦੀ ਇੱਕ ਹੋਰ ਆਦਤ ਹੈ। ਉਹ ਦੂਸਰੀਆਂ ਜਾਤਾਂ ਕੋਲੋਂ ਕੰਮ ਕਰਵਾਏਗਾ ਮਚਲਾ ਹੋਕੇ ਤੇ ਆਲੇ ਦੁਆਲੇ ਦੇਖ ਕਿ ਬਾਅਦ ਵਿਚ ਜਾਤ ਉਤੇ ਟਕੋਰ ਵੀ ਲਾਏਗਾ। ਹੋ ਸਕਦਾ ਹੈ ਸਾਰੇ ਜੱਟ ਇਹੋ ਜਿਹੇ ਨਾ ਹੋਣ। ਪਰ ਮੈਂ ਜਿੰਨਿਆਂ ਕੁ ਨੂੰ ਜਾਣਦਾ ਹਾਂ ਉਹਨਾਂ ਵਿਚੋਂ ਬਹੁਤੇ ਇੰਝ ਹੀ ਕਰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਮੇਰੀ ਜਾਣਕਾਰੀ ਵਾਲੇ ਹੀ ਏਦਾਂ ਦੇ ਹੋਣ ਤੇ ਬਾਕੀ ਸਾਰੇ ਠੀਕ ਹੀ ਹੋਣ। ਜੱਟ ਦੀ ਸਭ ਤੋਂ ਪਸੰਦੀਦਾ ਜਾਤਾਂ ਦੀ ਤੁਲਨਾ ਜਾਨਵਰਾਂ ਨਾਲ ਕੀਤੀ ਹੁੰਦੀ ਹੈ। ਕੁੱਤਾ ਵੀ ਉਹਨਾਂ ਵਿੱਚੋਂ ਇੱਕ ਹੈ।

ਸਮਾਂ ਬਦਲ ਰਿਹਾ ਹੈ ਤੇ ਸਮੇਂ ਦੇ ਸਾਰੋਕਾਰ ਵੀ ਬਦਲ ਰਹੇ ਹਨ। ਸਭ ਲੋਕ (ਹਰ ਜਾਤ ਦੇ) ਸੁਚੇਤ ਹੋ ਰਹੇ ਹਨ। ਨਾ ਕੋਈ ਕਿਸੇ ਤੋਂ ਊਣਾ ਰਹਿਣਾ ਚਾਹੁੰਦਾ ਹੈ ਤੇ ਨਾ ਹੀ ਆਪਣੀ ਸਮਰਥਾ ਨੂੰ ਢਾਹ ਲੱਗਣ ਦੇਣਾ ਚਾਹੁੰਦਾ ਹੈ। ਇਸੇ ਵਿੱਚ ਨਵੇਂ ਟਕਰਾਅ ਉਭਰ ਰਹੇ ਹਨ। ਸਦੀਆਂ ਦੇ ਹੈਂਕੜ ਤੇ ਅਧੀਨਗੀ, ਮੁਕਾਬਲੇ ਤੇ ਆਣ ਖੜ੍ਹੀ ਹੋਈ ਹੈ। ਸੰਸਥਾਵਾਂ ਦਾ ਖੁੰਭਾਂ ਵਾਂਗ ਉੱਗਣਾ ਤੇ ਪਾਰਟੀਆਂ ਦਾ ਹੋਂਦ ਵਿਚ ਆਉਣਾ, ਨਵੇਂ ਸਮੀਕਰਣ ਪੈਦਾ ਕਰ ਰਿਹਾ ਹੈ। ਹਰ ਜਾਤ ਦੇ ਲੋਕ ਇਹਨਾਂ ਵਿੱਚ ਆਕੇ ਚੌਧਰ ਲੈਣਾ ਚਾਹੁੰਦੇ ਹਨ। ਇਹੀ ਕਾਰਣ ਹੈ, ਸ਼ਬਦੀ ਜੰਗ ਤੇਜ਼ ਹੋ ਰਹੀ ਹੈ। ਖਾਸ ਕਰ ਸੰਸਥਾਵਾਂ ਦੀਆਂ ਚੋਣਾਂ ਦੌਰਾਨ। ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾਂਦੇ ਹਨ। ਜਾਤ-ਪਾਤ ਦਾ ਪੱਤਾ ਖੇਡਣਾ ਆਮ ਗੱਲ ਹੋ ਗਈ ਹੈ। ਇਕ ਸੰਸਥਾ ਵਿੱਚ ਮੈਨੂੰ ਇਸਦਾ ਪ੍ਰਤੱਖ ਰੂਪ ਦਿਖਿਆ ਜਦੋਂ ਇੱਕ ਹੈਂਕੜਬਾਜ਼, ਦੂਸਰੀ ਜਾਤ ਦੇ ਚੌਧਰੀ ਬਨਣ ਜਾ ਰਿਹੇ ਬੰਦੇ ਦੇ ਨਾਲ ਵਾਰ ਵਾਰ ਕੁੱਤਾ ਸ਼ਬਦ ਜੋੜ ਕਿ ਉਸਦੀ ਜਾਤ ਨੂੰ ਨੀਵਾਂ ਦਿਖਾ ਰਿਹਾ ਸੀ। ਸਬੱਬ ਹੀ ਉਹ ਚੌਧਰੀ ਬਣ ਗਿਆ ਤੇ ਹੈਂਕੜਬਾਜ਼ ਛੋਟਾ ਚੌਧਰੀ। ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਛੋਟਾ ਚੌਧਰੀ, ਵੱਡੇ ਚੌਧਰੀ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਣ ਲੱਗ ਪਿਆ। ਉਸਦੀ ਹਰ ਹਾਂ 'ਚ ਹਾਂ ਮਿਲਾਉਣ ਲੱਗ ਪਿਆ। ਆਪਣੇ ਆਪ ਨੂੰ ਉਸਦੇ ਹੀ ਗੁੱਟ ਦਾ ਸਾਬਤ ਕਰਨ ਲਗ ਪਿਆ। ਮੇਰੇ ਨਾਲ ਦੇ ਇਕ ਸਾਥੀ ਨੇ ਮੇਰੇ ਕੰਨ ਕੋਲ ਹੋਕੇ ਕਿਹਾ,' “ਦੇਖ ਯਾਰ ਪਹਿਲੋਂ ਬਾਹਰ ਇਹ ਕਿਵੇਂ ਜਾਤ ਤੋਂ ਪਹਿਲਾਂ ਕੁੱਤਾ ਕਹਿੰਦਾ ਸੀ ਤੇ ਹੁਣ ਕਿਵੇਂ ਇਹ ਇਸੇ ਦਾ ਕੁੱਤਾ ਬਣ ਕਿ ਦਿਖਾ ਰਿਹਾ ਹੈ।” ਜਵਾਬ ਦੇਣ ਲਈ ਮੇਰੇ ਕੋਲ ਕੁੱਝ ਨਹੀਂ ਸੀ।

ਦੋ ਬਟਾ ਇਕ-63