ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, 'ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ 'ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ 31 ਬੰਦਿਆਂ ’ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ੌਂਕ ਪਾਲ ਰਹੇ ਹਨ।"

ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ, 'ਯਾਰ ਵਿਰੋਧਤਾ ਤਾਂ ਹੁੰਦੀ ਜੇ ਉਸਦਾ ਨਾਮ ਕਿਸੇ ਪੇਸ਼ ਕੀਤਾ ਹੋਵੇ?'

ਮੇਰਾ ਦੋਸਤ ਹੈਰਾਨ ਰਹਿ ਗਿਆ। 'ਨਾਂ ਹੀ ਨਹੀਂ ਪੇਸ਼ ਹੋਇਆ?'

‘ਹਾਂ ਹਾਂ ਭਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਈ ਸੀ?'

ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖੈਰ ਗੱਲ ਆਈ ਗਈ ਹੋ ਗਈ।

ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, 'ਕਿਉਂ ਬਾਈ ਠੀਕ ਐਂ?’ ‘ਹਾਂ ਜੀ ਹਾਂ ਜੀ, ਬਿਲਕੁਲ’।

‘ਮੈਂ ਤਾਂ ਕਈ ਦਿਨਾਂ ਦਾ ਪ੍ਰੇਸ਼ਾਨ ਹਾਂ'।

‘ਕਿਉਂ ਕੀ ਹੋਇਆ?'

‘ਮੈਨੂੰ ਤਾਂ ਅੱਜ ਸੁੱਤੇ ਨੂੰ 10 ਦਿਨ ਹੋ ਗਏ ਸਮਝ ਨਹੀਂ ਲੱਗਦੀ ਕੀ ਕਰਾਂ।'

ਮੈਂਨੂੰ ਲੱਗਿਆ, ਸ਼ਾਇਦ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਛੋਟੀ ਮੋਟੀ ਬਿਮਾਰੀ ਨਾਲ ਪ੍ਰੇਸ਼ਾਨ ਹੋਵੇਗਾ ਜਾਂ ਫੇਰ ਘਰੇ ਲੜਾਈ ਝਗੜਾ ਜਾਂ ਤਕਰਾਰ ਹੋ ਗਿਆ ਹੋਵੇਗਾ।

‘ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ'।

ਮੈਨੂੰ ਲੱਗਾ ਕਿਤੇ ਇਹ ਮੈਨੂੰ ਡਾਕਟਰ ਤਾਂ ਨਹੀਂ ਸਮਝ ਰਿਹਾ, ਜਾਂ ਫੇਰ ਕਿਸੇ ਹਸਪਤਾਲ ਜਾਂ ਡਾਕਟਰ ਦਾ ਪਤਾ ਪੁੱਛੂ। ਮੈਂ ਡਰਦੇ ਡਰਦੇ ਕਿਹਾ, ‘ਹਾਂ ਜੀ ਦੱਸੋ, ਮੈਂ ਕੀ ਕਰ ਸਕਦਾਂ?'

‘ਮੈਨੂੰ ਇਹ ਦੱਸੋ ਕਿ ਭਾਸ਼ਾ ਵਿਭਾਗ ਦੇ ‘ਇਨਾਮੀ ਸਲਾਹਕਾਰ ਬੋਰਡ' ਵਿਚ ਮੇਰੀ ਵਿਰੋਧਤਾ ਕਿਸ ਕਿਸ ਨੇ ਕੀਤੀ ਤੇ ਕਿਉਂ ਹੋਈ ਏਨੀ ਜ਼ਿਆਦਾ

ਦੋ ਬਟਾ ਇਕ-68