ਵਿਰੋਧਤਾ?
‘ਤੁਹਾਡੀ ਵਿਰੋਧਤਾ? ‘ਮੇਰਾ ਤਾਂ ਨੀ ਖਿਆਲ ਕਿ ਤੁਹਾਡਾ ਨਾਮ ਵੀ ਵਿਚਾਰਿਆ ਗਿਆ ਹੋਵੇ, ਜੇ ਮੈਨੂੰ ਯਾਦ ਹੈ ਤਾਂ।'
‘ਇਹ ਕਿਵੇਂ ਹੋ ਸਕਦਾ? ਮੇਰੇ ਖਾਸ ਬੰਦੇ ਨੇ ਦੱਸਿਆ ਕਿ ਜਦੋਂ ਉਸਨੇ ਮੇਰਾ ਨਾਮ ਲਿਆ, ਕਈ ਜਣਿਆਂ ਨੇ ਕੱਠੇ ਹੋ ਮੇਰੀ ਸਖਤ ਵਿਰੋਧਤਾ ਕੀਤੀ।'
'ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉੱਥੇ, ਮੈਂ ਹੁਣ ਤਾਂ ਪੱਕੇ ਤੌਰ ਤੇ ਕਹਿ ਸਕਦਾ ਕਿ ਤੁਹਾਡਾ ਨਾਮ ਲਿਸਟ ਤੇ ਨਹੀਂ ਸੀ।
'ਅੱਛਾ ਅਜੀਬ ਗੱਲ ਹੈ, ਪਰ ਜਿਸ ਦੱਸਿਆ, ਉਹ ਤਾਂ ਬੜਾ ਦਾਨਾ ਪੁਰਸ਼ ਹੈ, ਵੱਡਾ ਲੇਖਕ ਹੈ, ਮੇਰਾ ਬੋਲੀ ਹੈ। ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਮੇਰੇ ਲਈ ਸੁੱਖਦ ਗੱਲ ਹੈ।'
'ਇਹ ਕਿਹੜਾ ਦਾਨਾ ਪੁਰਸ਼ ਹੈ?' ਤੇ ਉਸਨੇ ਜਦੋਂ ਉਸ ਪੁਰਸ਼ ਦਾ ਨਾਮ ਲਿਆ ਤਾਂ ਮੇਰੇ ਕਪਾਟ ਖੁੱਲ ਗਏ। ਫੋਨ ਤੇ ਜਦੋਂ ਜਲੰਧਰੋਂ ਵੀ ਉਸੇ ਨਾਮ ਦੀ ਪੁਸ਼ਟੀ ਹੋ ਗਈ ਤਾਂ ਮੈਨੂੰ ਫੋਟੋਗ੍ਰਾਫੀ ਤੇ ਫਿਲਮਸਾਜ਼ੀ ਵਿਚ ਵਰਤੇ ਜਾਂਦੇ ਸਾਫਟਵੇਅਰ 'ਆਫਟਰ ਇਫੈਕਟਸ' ਦੀ ਯਾਦ ਆ ਗਈ। ਜਿਸ ਵਿਚ ਫੋਟੋ ਖਿੱਚਣ ਤੋਂ ਬਾਅਦ ਜਾਂ ਫਿਲਮਾਂ ਬਣਾਉਣ ਤੋਂ ਬਾਅਦ ਲੈਬ ਵਿਚ ਚਿੱਤਰਾਂ ਦੀ ਸੋਧ ਕੀਤੀ ਜਾਂਦੀ ਹੈ। ਨਵੇਂ ਸਮੇਂ ਨੂੰ ਪੁਰਾਣਾ ਤੇ ਰੰਗਾਂ ਨੂੰ ਨੀਲਾ ਜਾਂ ਪੀਲਾ ਬਦਲਿਆ ਜਾਂਦਾ ਹੈ ਜਿਸ ਨਾਲ ਪਰਦੇ ਤੇ ਜਦੋਂ ਫਿਲਮ ਚਲਦੀ ਹੈ ਤਾਂ ਲੋਕ ਬੜੇ ਅਨੰਦ ਨਾਲ ਦੇਖਦੇ ਹਨ। ਮੈਨੂੰ ਲੱਗਾ ਭਾਸ਼ਾ ਵਿਭਾਗ ਦੇ ਇਨਾਮਾਂ ਨਾਲ ਲੱਗੇ ਇਹ 'ਆਫਟਰ ਇਫੈਕਟ' ਨੇ ਮੇਰੇ ਮਨੋਰੰਜਨ ਵਿਚ ਚੋਖਾ ਵਾਧਾ ਕੀਤਾ ਹੈ। ਅਸਲ ਗੱਲ ਪਤਾ ਲਗੀ ਕੇ ਉਸ ਦਾਨੇ ਨੇ ਕਈਆਂ ਨਾਲ ਇਨਾਮ ਦਵਾਉਣ ਦਾ ਵਾਅਦਾ ਕਰ ਲਿਆ ਸੀ, ਪਰ ਕਮੇਟੀ ਵਿਚ ਕੰਮ ਨਹੀਂ ਕਰਾ ਸਕਿਆ, ਸੋ ਇਹ ਵਿਰੋਧਤਾ ਦਾ ਫਾਰਮੂਲਾ ਵਰਤ ਰਿਹਾ ਸੀ। ਮੇਰੀ ਜਾਣਕਾਰੀ ਵਿਚ ਵਾਧਾ ਕਰਨ ਲਈ ਮੈਂ ਉਸ ਦਾਨੇ ਪੁਰਸ਼ ਦਾ ਧੰਨਵਾਦੀ ਹਾਂ।
ਦੋ ਬਟਾ ਇਕ-69