ਪਹਿਲੀ ਮੁਲਾਕਾਤ
ਲੁਧਿਆਣੇ ਦੇ ਕਿਸੇ ਕੇਂਦਰ ਵਿਖੇ ਕੋਈ ਪ੍ਰੋਗਰਾਮ ਤੇ ਮੈਂ ਵੀ ਸ਼ੌਕ ਵਜੋਂ ਉਥੇ ਪਹੁੰਚਿਆ ਹੋਇਆ ਸੀ। ਕਈ ਗੌਣ ਵਾਲੇ ਆਏ ਹੋਏ ਸਨ। ਹਰਭਜਨ ਤੇ ਜਤਿੰਦਰ ਵੀ ਉੱਥੇ ਹਾਜ਼ਰ ਸਨ। ਕੈਮਰੇ ਦੇ ਕਰਕੇ ਸਟੇਜ ਦੇ ਅੱਗੇ ਪਿੱਛੇ ਹੋਣ ਦਾ ਮੌਕਾ ਮਿਲਦਾ ਸੀ। ਉਹਨਾਂ ਦਿਨਾਂ ਵਿਚ ਅਮਰ ਨੂਰੀ ਤੇ ਸਰਦੂਲ ਦੀ ਚੜ੍ਹਤ ਸੀ ਪਰ ਉਹ ਹਾਲੇ ਵਿਆਹੇ ਹੋਏ ਨਹੀਂ ਸਨ। ਸਰਦੂਲ ਵੱਲੋਂ ਨੂਰੀ ਦੀ ਖੁਸ਼ਾਮਦੀ ਤੇ ਤਰਲਾ ਜਿਹਾ ਵਰਤਾਓ ਦੇਖਣਯੋਗ ਸੀ। ਸਰਦੂਲ ਦੀ ਇਸ ਤਰ੍ਹਾਂ ਦੀ ਹਾਲਤ ਸਾਡੇ ਲਈ ਮਜ਼ਾਕ ਕਰਨ ਦਾ ਵਿਸ਼ਾ ਬਣੀ ਹੋਈ ਸੀ। ਹਰਭਜਨ ਵੀ ਆਪਣੇ ਟੋਟਕੇ ਜਿਹੇ ਛੱਡੀ ਜਾਂਦਾ ਸੀ। ਸਟੇਜ ਤੇ ਜੱਬਲ ਤੇ ਜਤਿੰਦਰ ਨੇ ਕੀ ਸੁਣਾਇਆ ਇਹ ਤਾਂ ਯਾਦ ਨਹੀਂ ਪਰ ਦੇਰ ਰਾਤ ਇਹ ਦੋਵੇਂ ਤੇ ਇਕ ਦੋ ਹੋਰ ਕਲਾਕਾਰ ਸਾਡੇ ਘਰ ਮੇਰੇ ਨਾਲ ਆ ਗਏ। ਸਾਰੇ ਲੋਕ ਇਹਨਾਂ ਦੋਹਾਂ ਨੂੰ ਪਤੀ-ਪਤਨੀ ਸਮਝਦੇ ਸਨ। ਸਾਡੀ ਮਾਤਾ ਜੀ ਵੀ ਟੀ.ਵੀ. ਦੇਖਦੇ ਸਨ ਇਸ ਲਈ ਉਹਨਾਂ ਦੇ ਖਿਆਲ ਅਨੁਸਾਰ ਇਹੀ ਸੱਚ ਸੀ। ਪਰ ਜੱਬਲ ਨੂੰ ਮੌਕਾ ਸਾਂਭਣਾ ਆਉਂਦਾ ਸੀ। ਰੋਟੀ ਪਾਣੀ ਦੇ ਬਾਅਦ ਬੈਠੇ ਤਾਂ ਉਹ ਬੋਲਿਆ। “ਬੀਜੀ ਇਹ ਮੇਰੀ ਵਹੁਟੀ ਨਹੀਂ', ਅਸਲ ਵਿਚ ਉਹ ਇਸ ਤੋਂ ਸੋਹਣੀ ਹੈ, ਪਰ ਇਹਨੂੰ ਕੁਝ ਅਕਲ ਉਸ ਤੋਂ ਵੱਧ ਹੈ, ਸਮਝੋ ਨਿਭੀ ਜਾ ਰਹੀ ਹੈ।" ਪਰ ਇਹ ਤਾਂ ਮੇਰੀ ਜੱਬਲ ਨਾਲ ਪਹਿਲੀ ਮੁਲਾਕਾਤ ਨਹੀਂ ਲੱਗਦੀ।
ਮੈਨੂੰ ਉਹ ਇਕ ਦਿਨ ਦੂਰਦਰਸ਼ਨ ਦੇ ਗਲਿਆਰੇ ਵਿਚ ਮਿਲ ਗਿਆ। ਸ਼ਾਇਦ ਕਿਸੇ ਨਾਟਕ ਦੇ ਚੱਕਰਾਂ ਵਿਚ ਸੀ। ਜਿਵੇਂ ਚਾਹ ਮੈਨੂੰ ਕਿਸੇ ਨੇ ਪਿਲਾ ਦਿੱਤੀ ਤੇ ਉਹ ਵੀ ਕਿਸੇ ਤੋਂ ਪੀ ਬੈਠਾ ਸੀ। ਐਵੇਂ ਗੱਲਾਂ ਵਿਚ ਮੈਂ ਕਹਿ ਬੈਠਾ, 'ਹੁਣ ਤਾਂ ਤੁਸੀਂ ਅਮੀਰ ਕਲਾਕਾਰ ਹੋ ਗਏ ਹੋ, ਪੰਜਾਬੀ ਫਿਲਮ ਕਰਨ ਲਗ ਪਏ ਹੋ, ਚਲੋ ਟੀ.ਵੀ. ਤੋਂ ਖਹਿੜਾ ਛੁੱਟਾ, ਹੁਣ ਕੀ ਤੁਸੀਂ ਬੰਬੇ ਜਾਵੋਗੇ?'
‘ਛੱਡ ਯਾਰ, ਐਥੇ ਤਾਂ ਫਿਲਮ ਦੀ ਸ਼ੂਟਿੰਗ ਤੇ ਕਿਰਾਇਆ ਵੀ ਆਪਣਾ ਲਾਕੇ ਜਾਈਦਾ। ਤੈਨੂੰ ਨਹੀਂ ਪਤਾ ਇਹ ਫਿਲਮ ਦੂਰਦਰਸ਼ਨ ਦੇ ਇਕ ਅਧਿਕਾਰੀ ਦੀ ਹੈ। ਜੇ ਬਾਹਲ਼ਾ ਨਖਰਾ ਕਰਦੇ ਤਾਂ ਐਨਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਤੋਂ ਵੀ ਹੱਥ ਧੋ ਬੈਠਾਂਗਾ।
ਦੋ ਬਟਾ ਇਕ-77