ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਗਰਮ ਕਵੀ ਹੋ ਨਿਬੜੇ ਹਨ।
ਚਿੱਤ ਵਿਚ ਗ੍ਰਹਿਣ ਕੀਤੇ ਮੋਕਲੇ ਭਾਸ਼ਾਈ ਭੰਡਾਰ ਦੀ ਮੌਜੂਦਗੀ ਕਾਰਨ ਉਹਨਾਂ ਦਾ ਕਾਵਿ ਬਿਆਨ ਸੰਕੋਚਵਾਂ ਜਾਂ ਸੰਜਮੀ ਹੋਣ ਦੀ ਬਜਾਏ ਖੁੱਲ੍ਹੇ ਖੁਲਾਸੇ ਬਿਆਨ ਵਾਲਾ ਹੁੰਦਾ ਹੈ। ਆਕਾਰ ਪੱਖੋਂ ਭਾਵੇਂ ਉਹਨਾਂ ਲਘੂ ਕਵਿਤਾਵਾਂ ਦੀ ਵੀ ਰਚਨਾ ਕੀਤੀ ਹੈ ਪਰ ਉਹਨਾਂ ਦੀ ਤਸੱਲੀ ਵਿਸਥਾਰ ਵਾਲੀਆਂ ਕਵਿਤਾਵਾਂ ਲਿਖ ਕੇ ਹੀ ਹੁੰਦੀ ਜਾਪਦੀ ਹੈ। ਨਿੱਕੀਆਂ ਕਵਿਤਾਵਾਂ ਵਿਚ ਵੀ ਉਹ ਝਲਕਾਰੇ ਜਾਂ ਇਸ਼ਾਰੇ ਮਾਤਰ ਗੱਲ ਕਹਿ ਕੇ ਬਾਕੀ ਗੱਲ ਬੁਝਾਰਤ ਵਾਂਗ ਅੰਦਾਜ਼ੇ ਲਗਾਉਣ ਲਈ ਪਾਠਕ ਤੇ ਛੱਡ ਨਹੀਂ ਛੱਡ ਸਕਦੇ। ਆਪਣੀਆਂ 'ਲਘੂ ਕਵਿਤਾਵਾਂ' ਵਿਚ ਵੀ ਗੱਲ ਪੂਰੀ ਤਸੱਲੀ ਨਾਲ ਕਰਦੇ ਹਨ:

ਕਬਰਾਂ ਵਿਚ ਪਏ ਮੁਰਦਾ ਸਰੀਰੋ!
ਆਵਾਜ਼ ਦਿਓ।
ਘਰਾਂ 'ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ!
ਚੁੱਪ ਨਾ ਬੈਠੋ! ਆਵਾਜ਼ ਦਿਓ।
ਨੌਕਰੀ ਕਰਦੀਓ ਮੇਜ਼ ਕੁਰਸੀਓ!
ਕੁਝ ਤਾਂ ਕਹੋ।
ਜਬਰ ਝੱਲਣ ਨੂੰ ਸਬਰ ਨਾ ਕਹੋ!
ਦੂਰ ਦੇਸ਼ ਚਲਦੇ ਪਟਾਕੇ,
ਜੋ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ
ਤਾਂ ਕੱਲ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ।(ਅਵਾਜ਼ ਦਿਓ)

ਜੇ ਸੂਰਜ ਤੇ ਧਰਤੀ ਦੋਵੇਂ
ਸਦੀਆਂ ਤੋਂ ਨਹੀਂ 'ਕੱਠੇ ਹੋਏ।
ਦੱਸ ਨੀਂ ਮੇਰੀਏ ਮਹਿੰਗੀਏ ਜਾਨੇ,
ਤੇਰੀ ਮੇਰੀ ਅੱਖ ਕਿਉਂ ਰੋਏ?
ਸ਼ੁਕਰ ਖ਼ੁਦਾ ਦਾ ਤੁਰਦੇ ਆਪਾਂ,
ਇਕ ਦੂਜੇ ਦੀ ਸੱਜਰੀ ਲੋਏ।((ਸੱਜਰੀ ਲੋਏ))

ਦੂਜੇ ਪਾਸੇ ਬਹੁਤੀਆਂ ਕਵਿਤਾਵਾਂ ਪੜ੍ਹਦਿਆਂ ਕਿਤੇ ਕਿਤੇ ਅਜਿਹੀਆਂ ਸਤਰਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਕਿ ਇਹ ਆਪਣੇ ਆਪ ਵਿਚ ਸੁਤੰਤਰ ਨਿੱਕੀਆਂ ਕਵਿਤਾਵਾਂ ਹੋ ਸਕਦੀਆਂ ਹਨ। ਕਵਿਤਾ ਵਿਚ ਅਜਿਹੀਆਂ ਸਤਰਾਂ ਦੀ ਮੌਜੂਦਗੀ ਬਿਲਕੁਲ ਗਹਿਣਿਆਂ ਵਿਚ ਹੀਰੇ ਮੋਤੀਆਂ ਵਾਂਗ ਜਾਪਦੀ ਹੈ:

ਧਰਤੀ ਨਾਦ/ 10