ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਿਤੇ ਸੂਰਜ ਇਕੱਲਾ ਰਹਿ ਨਾ ਜਾਵੇ,
ਚਿਰਾਗੀਂ ਤੇਲ ਬੱਤੀ ਭਰਦੇ ਰਹੀਏ।

ਸ਼ਬਦਾਂ ਨੂੰ ਹਥਿਆਰ ਬਣਾਉ।
ਹਥਿਆਰਾਂ ਨੂੰ ਜੰਦਰੇ ਲਾਉ।
ਇਸ ਧਰਤੀ ਤੇ ਜੀਣ ਜੋਗਿਓ,
ਫੁੱਲਾਂ ਨੂੰ ਨਾ ਤਾਰ ਲਗਾਉ।

ਉਹ ਜੋ ਵੀ ਚਾਨਣੀ ਤੋਂ ਡਰ ਰਿਹਾ ਹੈ।
ਹਨ੍ਹੇਰੇ ਦੀ ਹਮਾਇਤ ਕਰ ਰਿਹਾ ਹੈ।
ਨਹੀਂ ਵਿਸ਼ਵਾਸ ਦੇ ਕਾਬਲ ਉਹ ਬੰਦਾ,
ਬਿਨਾ ਆਈ ਤੋਂ ਪਹਿਲਾਂ ਮਰ ਰਿਹਾ ਹੈ।

ਖ਼ੁਰਦੇ ਖ਼ੁਰਦੇ ਖ਼ੁਰ ਚੱਲੇ ਆਂ।
ਭੁਰਦੇ ਭੁਰਦੇ ਭੁਰ ਚੱਲੇ ਆਂ।
ਝੋਰੇ ਝੂਰਦਿਆਂ ਉਮਰ ਗੁਜ਼ਾਰੀ,
ਤੁਰਦੇ ਤੁਰਦੇ ਤੁਰ ਚੱਲੇ ਆਂ।

ਕਈ ਥਾਂ ਰੌਣਕ ਤਾਂ ਨਹੀਂ ਹੁੰਦੀ।
ਕਿਉਂਕਿ ਉਸ ਘਰ ਮਾਂ ਨਹੀਂ ਹੁੰਦੀ।
ਤਪਦੀ ਧਰਤੀ ਭਖ਼ਦਾ ਅੰਬਰ,
ਓਥੇ ਠੰਢੜੀ ਛਾਂ ਨਹੀਂ ਹੁੰਦੀ।

ਚੜ੍ਹ ਪਏ ਬੱਦਲ ਰਾਤ ਹਨੇਰੀ।
ਲੰਮੀ ਔੜ ਨੇ ਜਿੰਦੜੀ ਘੇਰੀ।
ਮੇਘਲਿਆ ਤੂੰ ਵਰ੍ਹ ਜਾ ਏਥੇ,
ਸਾਡੇ ਪਿੰਡ ਵਿਚ ਹੋ ਜਾ ਢੇਰੀ।

ਧਰਤੀ ਨਾਦ/ 101