ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਹਾਂ ਦੇ ਵਿਚ ਡੂੰਘੇ ਟੋਏ।
ਜੀਵਨ ਕਥਾ ਕਹਾਣੀ ਟੋਏ।
ਸਾਵੀਂ ਪੱਧਰੀ ਤੋਰ ਦਾ ਸੁਪਨਾ,
ਦੱਸੋ ਕੀਕਣ ਪੂਰਾ ਹੋਏ।

ਤੇਰਾ ਜਦ ਵੀ ਚੇਤਾ ਆਵੇ।
ਸਾਹਾਂ ਨੂੰ ਕੰਬਣੀ ਛਿੜ ਜਾਵੇ।
ਸੁੰਨੀ ਪਈ ਰਬਾਬ ਤੇ ਪੋਟੇ,
ਤੁਧ ਬਿਨ ਕਿਹੜਾ ਤਾਰ ਹਿਲਾਵੇ।

ਧੁੱਪ 'ਚੋਂ ਚੱਲੀਏ, ਛਾਂ 'ਚੋਂ ਚੱਲੀਏ।
ਚਲੋ! ਚਲੋ! ਇਸ ਥਾਂ ਤੋਂ ਚੱਲੀਏ।
ਸੱਚ ਦਾ ਵਣਜ ਵਿਹਾਜਣ ਖ਼ਾਤਰ,
ਕੂੜ ਨਿਖੁੱਟੀ ਥਾਂ ਤੋਂ ਚੱਲੀਏ।

ਆ ਅੰਬਰ ਨੂੰ ਪੌੜੀ ਲਾਈਏ।
ਸੂਰਜ ਤੀਕਣ ਪੀਂਘ ਚੜ੍ਹਾਈਏ।
ਚੰਦਰਮਾ ਨੂੰ ਝਾਤ ਆਖ ਕੇ,
ਪੌਣਾਂ ਨੂੰ ਗਲਵੱਕੜੀ ਪਾਈਏ।

ਨੇਰ੍ਹੇ ਅੰਦਰ ਦੀਪ ਜਗਾਏ।
ਸਾਡੇ ਸਭ ਦੇ ਰਾਹ ਰੁਸ਼ਨਾਏ।
ਕਰਮਸ਼ੀਲ ਜ਼ਿੰਦਗੀ ਦੇ ਸੂਰਜ,
ਨਮਸਕਾਰ ਧਰਤੀ ਦੇ ਜਾਏ।

ਕਿਣਮਿਣ ਬੱਦਲ ਬਣ ਕੇ ਵਰ੍ਹ ਜਾ।
ਧਰਤੀ ਪਿਆਸੀ ਜਲ ਥਲ ਕਰ ਜਾ।
ਇਸ ਧਰਤੀ ਤੋਂ ਜਾਣ ਵਾਲਿਆ,
ਇਕ ਦੋ ਬਿਰਖ਼ ਨਿਸ਼ਾਨੀ ਧਰ ਜਾ।

ਧਰਤੀ ਨਾਦ/ 103