ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੂੰਹ ਦੇ ਵਿਚੋਂ ਕੁਝ ਤਾਂ ਬੋਲ।
ਦਿਲ ਵਿਚ ਬੱਝੀ ਘੁੰਡੀ ਖੋਲ੍ਹ।
ਜਾਣ ਵਾਲਿਆ ਲੈ ਜਾ ਮੈਥੋਂ,
ਜਿੰਦੜੀ ਪਿਆਰ ਤੋਂ ਸਾਂਵੇਂ ਤੋਲ।

ਤਪਦੀ ਧਰਤੀ ਤਲਖ਼ ਹਵਾਵਾਂ।
ਛਾਲੇ ਪੈਰੀਂ ਕਿੱਧਰ ਜਾਵਾਂ?
ਤੂੰ ਵੀ ਕੱਲ੍ਹਾ ਛੱਡ ਨਾ ਜਾਵੀਂ,
ਜੇ ਮੈਂ ਤੈਨੂੰ ਜ਼ਖ਼ਮ ਵਿਖਾਵਾਂ।

ਜੇ ਨਾ ਤੇਰੀ ਨੀਅਤ ਖੋਟੀ।
ਬਣ ਜਾ ਮੇਰੇ ਸਿਰ ਬਦਲੋਟੀ।
ਕੁਝ ਪਲ ਜੀਵਨ ਮਿਲੂ ਉਧਾਰਾ,
ਭੁੱਖੇ ਨੂੰ ਜਿਉਂ ਬੁਰਕੀ ਰੋਟੀ।

ਦੱਸ ਤੂੰ ਕਿਹੜਾ ਬੋਲ ਸੁਣਾਵਾਂ।
ਹਰ ਸਾਹ ਅਗਨੀ ਦਾ ਪਰਛਾਵਾਂ।
ਛਾਲੇ ਪੈਰੀਂ, ਅੱਖੀਂ ਅੱਥਰੂ,
ਅੱਜ ਕੱਲ੍ਹ ਮੇਰਾ ਇਹ ਸਿਰਨਾਵਾਂ।

ਚੱਲ ਸਾਹਾਂ ਨੂੰ ਇਕ ਸਾਹ ਕਰੀਏ।
ਧੜਕਣ ਅੰਦਰ ਧੜਕਣ ਧਰੀਏ।
ਇਸ ਧਰਤੀ ਦੇ ਕਣ ਕਣ ਅੰਦਰ,
ਨੇਰ੍ਹੇ ਦੀ ਥਾਂ ਚਾਨਣ ਭਰੀਏ।

ਸੁਣ ਧਰਤੀ ਦੀਏ ਅੱਲ੍ਹੜ ਪਰੀਏ।
ਆ ਜਾ ਆਪਣੀ ਚੁੱਪ ਤੋਂ ਡਰੀਏ।
ਸ਼ਬਦ ਨਿਰੰਤਰ ਸਾਹ ਤੇ ਸੁਪਨੇ,
ਆ ਇਨ੍ਹਾਂ ਨੂੰ ਜਿਉਂਦੇ ਕਰੀਏ।

ਧਰਤੀ ਨਾਦ/ 104