ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਨੌਂ ਗਜ਼ਲਾਂ
1.

ਲਾਹ ਦੇ ਰੂਹ ਤੋਂ ਭਾਰ ਵੀਰਨਾ,
ਏਦਾਂ ਤਾਂ ਨਾ ਮਾਰ ਵੀਰਨਾ।
ਤੇਰੀ ਧੜਕਣ ਏਥੇ ਧੜਕੇ,
ਤੂੰ ਰਾਵੀ ਤੋਂ ਪਾਰ ਵੀਰਨਾ।

ਤੂੰ ਤੇ ਮੈਂ ਇਕ ਮਾਂ ਦੇ ਜਾਏ,
ਤੀਜਾ ਕਰੇ ਖ਼ਵਾਰ ਵੀਰਨਾ।
ਹੱਥਾਂ ਵਿਚ ਹਥਿਆਰ ਫੜਾਵੇ,
ਇਹ ਕਿੱਦਾਂ ਦਾ ਯਾਰ ਵੀਰਨਾ।

ਇਕ ਦੂਜੇ ਦੀ ਛਾਂ ਤੋਂ ਡਰਕੇ,
ਡਿੱਗੇ ਮੂੰਹ ਦੇ ਭਾਰ ਵੀਰਨਾ।
ਦਿਲ ਤੋਂ ਦਿਲ ਨੂੰ ਸੜਕ ਸਲੇਟੀ,
ਰੋਕੇ ਕਿਉਂ ਸਰਕਾਰ ਵੀਰਨਾ।

ਹਾਸ਼ਮ ਦੀ ਧਰਤੀ ਦਾ ਜਾਇਆਂ,
ਹਾਫ਼ਿਜ਼ ਬਰਖ਼ੁਰਦਾਰ ਵੀਰਨਾ।
ਬੁੱਲ੍ਹੇ ਸ਼ਾਹ ਦਾ ਵਾਰਿਸ ਹਾਂ ਮੈਂ,
ਕਾਦਰ ਮੇਰਾ ਯਾਰ ਵੀਰਨਾ।

ਧਰਤੀ ਨਾਦ/ 106