ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

3.



ਪਾਣੀ ਭਰੇ ਗਿਲਾਸ 'ਚ ਇਹ ਜੋ ਡੋਲ ਰਿਹਾ ਪਰਛਾਵਾਂ।
ਮਾਏ ਨੀ, ਪਰਦੇਸੀ ਪੁੱਤ ਦਾ ਬਸ ਏਹੀ ਸਿਰਨਾਵਾਂ।

ਪਤਾ ਨਹੀਂ ਕਦ ਮੀਂਹ ਨੇ ਵਰ੍ਹਨੈਂ, ਜਾਂ ਧੁੱਪਾਂ ਨੇ ਚੜ੍ਹਨੈਂ,
ਬੇ ਵਿਸ਼ਵਾਸੀ ਚਾਰ ਚੁਫ਼ੇਰੇ, ਕਾਲੀਆਂ ਘੋਰ ਘਟਾਵਾਂ।

ਘਰੋਂ ਤਾਂ ਆਏ ਕਰਨ ਕਮਾਈ, ਧਰਤ ਪਰਾਈ ਉੱਤੇ,
ਕੈਸਾ ਹੈ ਬਨਵਾਸ ਜੋ ਕੁਤਰੇ ਨਿੱਕੇ ਨਿੱਕੇ ਚਾਵਾਂ।

ਇਸ ਧਰਤੀ ਤੇ ਆਸ ਦਾ ਬੂਟਾ ਨਾ ਸੁੱਕਾ ਨਾ ਹਰਿਆ,
ਸਮਝ ਨਾ ਆਵੇ, ਇਹਦੀ ਜੜ੍ਹ ਨੂੰ ਕਿਹੜਾ ਪਾਣੀ ਪਾਵਾਂ।

ਏਥੇ ਭਾਵੇਂ ਚੰਦਰਮਾ ਵੀ, ਆਪਣੇ ਚੰਨ ਤੋਂ ਵੱਡਾ,
ਪਰ ਨਾ ਵਿੱਚੋਂ ਦਿਸਦਾ ਮੈਨੂੰ ਨਾਨੀ ਦਾ ਪਰਛਾਵਾਂ।

ਏਸ ਮਸ਼ੀਨੀ ਧਰਤੀ ਉੱਤੇ ਪੁੱਤ ਗੁਆਚਾ ਤੇਰਾ,
ਐਵੇਂ ਕਾਹਨੂੰ ਪਾਈ ਜਾਵੇਂ ਕੁੱਟ ਕੁੱਟ ਚੂਰੀ ਕਾਵਾਂ।

ਸੱਤ ਸਮੁੰਦਰ ਪਾਰ ਬੇਗਾਨੀ ਧਰਤੀ ਚੋਗਾ ਚੁਗੀਏ,
ਉਡਣ ਖਟੋਲੇ ਵਾਲੀ ਕਿਸਮਤ ਨਾ ਪੈੜਾਂ ਨਾ ਰਾਹਵਾਂ।

ਧਰਤੀ ਨਾਦ/ 109