ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

6.



ਜਿੱਥੇ ਤੂੰ ਨਹੀਂ ਓਸੇ ਥਾਂ ਹੀ 'ਨੇਰ੍ਹਾ ਹੈ।
ਜਿੱਥੇ ਤੂੰ ਹੈਂ, ਓਥੇ ਸੋਨ ਸਵੇਰਾ ਹੈ।

ਸੂਰਜ ਕਹਿ ਕਹਿ ਤੈਨੂੰ ਉਮਰ ਗੁਜ਼ਾਰ ਲਈ,
ਤੇਰਾ ਤਾਂ ਪਿਛਵਾੜਾ ਬਿਲਕੁਲ 'ਨੇਰ੍ਹਾ ਹੈ।

ਤੇਰੇ ਨਾਂ ਨੂੰ ਲਿਖਿਆ, ਕੱਟਿਆ, ਮੁੜ ਲਿਖਿਆ,
ਦੋਚਿੱਤੀ ਵਿਚ ਪਾਟਾ ਵਰਕਾ ਮੇਰਾ ਹੈ।

ਰੁੱਖ ਤੇ ਬੰਦੇ ਵੇਖੋ ਸਿਰਫ਼ ਦੁਪਹਿਰਾਂ ਨੂੰ,
ਸ਼ਾਮ ਸਵੇਰੇ ਸਭ ਦਾ ਕੱਦ ਲੰਮੇਰਾ ਹੈ।

ਪੱਥਰਾਂ ਦੀ ਬਰਸਾਤ ਨਿਰੰਤਰ ਵਰ੍ਹਦੀ ਰਹੀ,
ਤਿੜਕੇ ਚਿਹਰੇ ਵਾਲਾ ਸ਼ੀਸ਼ਾ ਮੇਰਾ ਹੈ।

ਮੈਂ ਕਾਗ਼ਜ਼ 'ਤੇ ਲੀਕਾਂ ਵਾਹੁੰਦਾ ਹਾਰ ਗਿਆਂ,
ਸੁਪਨੇ ਦਾ ਕੱਦ ਅੰਬਰ ਜੇਡ ਲੰਮੇਰਾ ਹੈ।

ਮੈਂ ਤੇਰੇ ਸਾਹਾਂ 'ਚੋਂ ਤੁਰ ਜਾਂ ਹੋਰ ਕਿਤੇ,
ਮੇਰੇ ਅੰਦਰ ਏਨਾ ਕਿੱਥੇ ਜ਼ੇਰਾ ਹੈ।

ਧਰਤੀ ਨਾਦ/ 112