ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

8.

ਕਿੱਥੋਂ ਤੁਰ ਕੇ ਪਹੁੰਚੀ ਵੇਖੋ ਕਿੱਥੇ ਆਣ ਕਹਾਣੀ।
ਪੰਜ ਦਰਿਆਵਾਂ ਦੀ ਧਰਤੀ 'ਤੇ, ਅੱਜ ਮੁੱਲ ਵਿਕਦਾ ਪਾਣੀ।

ਪੰਜ ਸਦੀਆਂ ਦੇ ਪੈਂਡੇ ਮਗਰੋਂ ਕਿੱਥੇ ਪਹੁੰਚ ਗਏ ਆਂ,
ਸਿਰਫ਼ ਜਨੇਊ ਗਾ ਸਕਦੇ ਨੇ, ਗੁਰੂ ਨਾਨਕ ਦੀ ਬਾਣੀ।

ਇਹ ਜ਼ਿੰਦਗਾਨੀ ਸਫ਼ਰ ਨਿਰੰਤਰ ਤੁਰਿਆ ਜਾਹ ਬਣ ਦਰਿਆ,
ਰੁਕਿਆ ਪਾਣੀ ਬਦਬੂ ਮਾਰੇ, ਸੌਂ ਨਾ ਲੰਮੀਆਂ ਤਾਣੀਂ।

ਇਸ ਨਗਰੀ ਵਿੱਚ ਉਮਰ ਗੁਆ ਕੇ ਲੱਭਦੇ ਫਿਰਦੇ ਸਾਰੇ,
ਇੱਕ ਦੂਜੇ ਤੋਂ ਚੋਰੀ ਚੋਰੀ, ਮੈਂ ਤੇ ਮੇਰੇ ਹਾਣੀ।

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਬਣੇਂ ਸਹਾਰਾ,
ਖ਼ੁਸ਼ਬੂ ਜਿੰਦ ਨਸ਼ਿਆ ਜਾਂਦੀ ਹੈ, ਵੜਕੇ ਸਾਹਾਂ ਥਾਣੀਂ।

ਤਨ ਦੇ ਨਾਲੋਂ ਤੋੜ ਵਿਛੋੜੀ ਜਾਬਰ ਸਮਿਆਂ ਵੇਖੋ,
ਇਕ ਦੂਜੇ ਨੂੰ ਘੂਰ ਰਹੇ ਨੇ, ਛਾਂ ਤੇ ਰੁੱਖ ਦੀ ਟਾਹਣੀ।

ਜ਼ਿੰਦਗੀ, ਧਰਮ, ਧਰਾਤਲ ਤਿੰਨੇ ਵਕਤ ਲਿਤਾੜੇ ਪੈਰੀਂ,
ਆਦਮ ਦੀ ਸੰਤਾਨ ਵੇਖ ਲਓ, ਹੋ ਗਈ ਆਦਮਖਾਣੀ।

ਧੜਕਣ ਤੇਜ਼, ਤੜਪਣੀ ਤਨ ਦੀ, ਮਨ ਨੂੰ ਭਟਕਣ ਲਾਵੇ
ਮਹਿਕ ਪਰੁੱਚੇ ਫੁੱਲਾਂ ਦੀ ਰੁੱਤ, ਲੰਘ ਚੱਲੀ ਅਣਮਾਣੀ।

ਧਰਤੀ ਨਾਦ/ 114