ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਰੀ

ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ, ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ
ਨੀ ਇਕ ਲੋਰੀ ਦੇ ਦੇ।

ਮੰਨਿਆ ਤੇਰੇ ਘਰ ਵਿਚ ਵਧ ਗਏ,
ਧੀਆਂ ਵਾਲੇ ਗੁੱਡੀ ਪਟੋਲੇ।
ਤੇਰੇ ਦਿਲ ਦਾ ਹਾਉਕਾ ਨੀ ਮੈਂ,
ਸੁਣਦੀ ਰਹੀ ਆਂ ਤੇਰੇ ਓਹਲੇ।
ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ,
ਤੂੰਹੀਉਂ ਪਹਿਲਾਂ ਤੋਰੀ...?
ਨੀ ਇਕ ਲੋਰੀ ਦੇ ਦੇ।

ਮਾਏ ਨੀ ਤੇਰੀ ਗੋਦੀ ਅੰਦਰ,
ਬੈਠਣ ਨੂੰ ਮੇਰਾ ਜੀਅ ਕਰਦਾ ਸੀ।
ਬਾਬਲ ਦੀ ਤਿਊੜੀ ਨੂੰ ਤੱਕ ਕੇ,
ਹਰ ਵਾਰੀ ਮੇਰਾ ਜੀਅ ਡਰਦਾ ਸੀ।
ਧੀਆਂ ਬਣਕੇ ਜੰਮਣਾ ਏਥੇ,
ਕਿਉਂ ਬਣ ਗਈ ਕਮਜ਼ੋਰੀ...
ਨੀ ਇਕ ਲੋਰੀ ਦੇ ਦੇ।

ਮਾਏ ਨੀ ਮੇਰੀ ਨਾਨੀ ਦੇ ਘਰ,
ਤੂੰ ਵੀ ਸੀ ਕਦੇ ਧੀ ਬਣ ਜੰਮੀ।
ਕੁੱਖ ਵਿਚ ਕਤਲ ਕਰਾਵਣ ਵਾਲੀ,
ਕਿਉਂ ਕੀਤੀ ਤੂੰ ਗੱਲ ਨਿਕੰਮੀ।

ਧਰਤੀ ਨਾਦ/ 17