ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਸ਼ਨਾਂ ਦੇ ਵਿਚ ਰੁੱਝੇ ਲੋਕੀਂ,
ਕੰਨ ਪਾੜਵੇਂ ਵਾਜੇ ਗਾਜੇ,
ਸ਼ੋਰ ਅਤੇ ਸੰਗੀਤ 'ਚ ਰਹੀ ਲਕੀਰ ਨਾ ਕੋਈ।
ਵੀਹਵੀਂ ਸਦੀ ਦਾ ਪਹਿਰ ਆਖ਼ਰੀ,
ਨਸ਼ਿਆਂ ਵਿਚ ਮਖ਼ਮੂਰ ਜਗਤ ਦੀ ਭੇਟਾ ਚੜ੍ਹਿਆ।

ਸਭ ਜੱਗ ਭੁੱਲਿਆ,
ਸਮਾਂ-ਕਾਲ ਦੀ ਮਿਣਤੀ ਖ਼ਾਤਰ,
ਦਿਵਸ ਮਹੀਨੇ ਸਾਲ ਤੇ ਸਦੀਆਂ,
ਬਿਲਕੁਲ ਓਵੇਂ,
ਜਿੱਸਰਾਂ ਮੇਰੇ ਬਾਪੂ ਫ਼ਸਲਾਂ ਸਿੰਜਣ ਖ਼ਾਤਰ,
ਪੈਲੀ ਵਿਚ ਕਿਆਰੇ ਪਾਏ।
ਪਰ ਇਹ ਗੱਲ ਕਿਹੜਾ ਸਮਝਾਏ?

ਧਰਮਾਂ, ਕਰਮਾਂ, ਸ਼ਰਮਾਂ ਤੇ ਬੇਸ਼ਰਮੀ ਵਾਲੇ,
ਸਾਰੇ ਇਕੋ ਰੱਸੇ ਬੱਝੇ।
ਰਾਤਾਂ ਨੂੰ ਜਗਰਾਤੇ ਕੱਟ ਕੇ ਸਮਝ ਰਹੇ ਨੇ,
ਬੀਤੇ ਸੌ ਸਾਲਾਂ ਦਾ ਟੋਟਾ,
ਸਾਡਾ ਕੁਝ ਵੀ ਲੱਗਦਾ ਨਹੀਂ ਹੈ।
ਕੌਣ ਕਹੇਗਾ?
ਜਸ਼ਨ ਮਨਾ ਕੇ ਧਰਮ ਸਥਾਨਾਂ ਅਤੇ ਮਕਾਨਾਂ,
ਦੀ ਮਮਟੀ ਤੇ ਦੀਪ ਜਗਾ ਕੇ,
ਕੁਝ ਪਲ ਨੇਰ੍ਹਾ ਗਲੀਆਂ ਵਿਚੋਂ ਦੂਰ ਹਟੇਗਾ।

ਪਰ ਜਿਸ ਨੇਰ੍ਹੇ ਸਾਨੂੰ ਪੈਰ ਪੈਰ ਤੇ ਡੰਗਣਾ।
ਜਿਸ ਦੇ ਡੰਗਿਆਂ ਅਸੀਂ ਤੁਸੀਂ,
ਨਾ ਹੋਰ ਕਿਸੇ ਵੀ ਪਾਣੀ ਮੰਗਣਾ।
ਏਸ ਨਾਗ ਨੂੰ ਕੀਲਣ ਖ਼ਾਤਰ,
ਘਰੋ ਘਰੀ ਉਹ ਦੀਪ ਜਗਾਈਏ।
ਜਿੰਨ੍ਹਾਂ ਦੀ ਰੁਸ਼ਨਾਈ ਉਮਰਾਂ ਸਾਥ ਨਿਭਾਏ।

ਧਰਤੀ ਨਾਦ/ 22