ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੈਰ ਪੈਰ ਤੇ ਅਸੀਂ ਤੁਸੀਂ,
ਜਾਂ ਤੁਰਿਆ ਜਾਂਦਾ ਕੋਈ ਵੀ ਰਾਹੀ,
ਫੇਰ ਕਦੇ ਨਾ ਠੇਡੇ ਖਾਏ।

ਸ਼ਬਦ ਸ਼ਕਤੀਆਂ ਘਰ ਘਰ ਅੰਦਰ,
ਚਲੋ ਜਗਾਈਏ।
ਆਪਣੇ ਆਪਣੇ ਘਰ ਤੇ ਆਲ ਦੁਆਲੇ ਸਾਰੇ,
ਚੌਂਕ ਚੁਰਸਤੇ, ਘਰ ਨੂੰ ਜਾਂਦੇ ਹਰ ਇਕ ਰਾਹ ਤੇ,
ਚਾਨਣ ਦੀ ਤ੍ਰਿਵੈਣੀ ਲਾਈਏ।
ਜਿਸ ਦੀ ਛਾਵੇਂ ਰਲ ਕੇ ਬਹੀਏ।
ਸਭ ਦੀ ਸੁਣੀਏ ਆਪਣੀ ਕਹੀਏ।
ਭੂਤ ਭਵਿੱਖ ਤੇ ਵਰਤਮਾਨ ਦੀ ਮਿਲਣੀ ਕਰੀਏ।
ਜੋ ਕੁਝ ਪਿੱਛੇ ਹੋਇਆ ਬੀਤਿਆ,
ਅਸੀਂ ਜਾਂ ਸਾਡੇ ਪੁਰਖ਼ਿਆਂ ਕੀਤਾ।
ਉਸ ਉੱਪਰ ਨਾ ਮਿੱਟੀ ਪਾਈਏ,
ਜੋ ਕੁਝ ਖੱਟਿਆ ਅਤੇ ਗੁਆਇਆ,
ਉਸ ਦਾ ਲੇਖਾ ਜੋਖਾ ਕਰੀਏ।

ਸੁਰਖ਼ ਲਹੂ ਸੰਗ ਲਿਖੀ ਇਬਾਰਤ,
ਮੁੜ ਕੇ ਪੜ੍ਹੀਏ।
ਅਣਖ਼ੀ ਮਾਂ ਦੇ ਅਣਖ਼ੀ ਪੁੱਤਰ,
ਸੂਲੀ ਚੜ੍ਹ ਮੁਸਕਾਉਂਦੇ ਸੀ ਜੋ,
ਉਨ੍ਹਾਂ ਦੇ ਸਨਮੁਖ ਤਾਂ ਖੜ੍ਹੀਏ।
ਜੋ ਜੋ ਇਨ੍ਹਾਂ ਸੂਰਮਿਆਂ ਨੇ,
ਚਾਹਿਆ ਸੀ ਉਹ ਸੂਰਤ ਘੜੀਏ।
ਕੰਧਾਂ ਉੱਪਰ ਲਿਖਿਆ ਪੜ੍ਹੀਏ।

ਧਰਤੀ ਨਾਦ/ 23