ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਰੁੱਖ ਦੇ ਹੇਠਾਂ ਪਹਿਲੀ ਵਾਰ

ਇਸ ਰੁੱਖ ਦੇ ਹੇਠਾਂ ਪਹਿਲੀ ਵਾਰ,
ਇਕ ਸਤਰ ਮਿਲੀ ਸੀ ਗੀਤ ਜਹੀ।
ਜੱਗ ਭਰਿਆ ਮੇਲਾ ਵੇਖਦਿਆਂ,
ਜੋ ਭੀੜ 'ਚੋਂ ਉਂਗਲੀ ਛੱਡ ਤੁਰੀ,
ਉਸ ਪਹਿਲ ਪਲੇਠੀ ਪ੍ਰੀਤ ਜਹੀ।

ਜਦ ਹੱਸਦੀ ਵੱਜਦਾ ਜਲ-ਤਰੰਗ।
ਅੱਖਾਂ ਵਿਚ ਕੰਜ ਕੁਆਰੀ ਸੰਗ।
ਚਿਹਰੇ ਤੇ ਕੁੰਡਲ ਇਉਂ ਜਾਪੇ,
ਜਿਉਂ ਨਾਗ ਦਾ ਬੱਚਾ ਰਿਹਾ ਡੰਗ।

ਦਿਨ ਚੜ੍ਹਦੇ ਦੀ ਲਿਸ਼ਕੋਰ ਜਹੀ।
ਵਗਦੇ ਪਾਣੀ ਦੀ ਤੋਰ ਜਹੀ।
ਬੱਦਲਾਂ ਦੇ ਰੰਗ ਦੀ ਚੁੰਨੀ 'ਤੇ,
ਸੁੱਚੇ ਗੋਟੇ ਦੀ ਕੋਰ ਜਹੀ।

ਕਿਸੇ ਭਰ ਵਗਦੇ ਦਰਿਆ ਵਰਗੀ।
ਲਏ ਅੱਲ੍ਹੜ ਉਮਰੇ ਚਾਅ ਵਰਗੀ।
ਅਣਮਾਣੇ ਕੋਸੇ ਸਾਹ ਵਰਗੀ।
ਜਾਂ ਤ੍ਰੇਲ 'ਚ ਨ੍ਹਾਤੇ ਘਾਹ ਵਰਗੀ।

ਚੌਦਸ ਦੇ ਚੰਨ ਵਰਗੀ ਰਾਤ ਜਹੀ।
ਬਿਨ ਮੰਗੇ ਮਿਲ ਗਈ ਦਾਤ ਜਹੀ।
ਤਪਦੀ ਧਰਤੀ ਦੇ ਪਿੰਡੇ ਤੇ,
ਖੁੱਲ੍ਹ ਕੇ ਵਰ੍ਹਦੀ ਬਰਸਾਤ ਜਹੀ।

ਬੱਚਿਆਂ ਦੇ ਨਿਰਮਲ ਹਾਸੇ ਜਹੀ।
ਪਾਣੀ ਵਿਚ ਘੁਲੇ ਪਤਾਸੇ ਜਹੀ।

ਧਰਤੀ ਨਾਦ/ 29