ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਰਾਬਰ ਤੁਰਦਿਆਂ

ਤੂੰ ਮੈਨੂੰ ਆਪਣੇ ਸਾਹਾਂ ਵਿਚ ਪਰੋ ਲੈ,
ਗਾਨੀ ਵਿਚ ਪਏ ਮਣਕਿਆਂ ਵਾਂਗ।
ਮੈਨੂੰ ਵਿੰਨ੍ਹ ਕੇ ਆਰ ਪਾਰ ਕਰਦੇ।

ਜਿਸਮ ਨਹੀਂ,
ਖ਼ੁਸ਼ਬੋ ਸਮਝ ਕੇ ਆਪਣੀ ਧੜਕਣ ਵਿਚ ਮਿਲਾ ਲੈ।
ਮੈਂ ਤੇਰੇ ਅੰਗ ਸੰਗ ਰਹਿਣਾ ਚਾਹੁੰਦਾ ਹਾਂ।

ਚੱਲ! ਤੂੰ ਵੀ ਸਾਹ ਰੋਕ,
ਤੇ ਮੈਂ ਵੀ ਰੋਕਦਾ ਹਾਂ।
ਇਕੋ ਧੜਕਣ ਨਾਲ ਬਾਕੀ ਰਹਿੰਦੀ ਉਮਰ ਗੁਜ਼ਾਰੀਏ।

ਤੂੰ ਮੇਰੇ ਪਿੱਛੇ ਪਿੱਛੇ ਨਹੀਂ,
ਨਾਲ ਨਾਲ ਤੁਰ।
ਪਰਛਾਵੇਂ ਵਾਂਗ ਨਹੀਂ, ਹਮਜੋਲੀ ਵਾਂਗ।
ਧਿਰ ਬਣ ਕੇ, ਬਰਾਬਰ ਦੀ ਭਾਈਵਾਲ।
ਚੱਲ! ਜ਼ਰੂਰਤ ਤੋਂ ਮੁਹੱਬਤ ਵੱਲ ਸਫ਼ਰ ਕਰੀਏ।
ਬਰਾਬਰ ਤੁਰਦਿਆਂ।

ਧਰਤੀ ਨਾਦ/ 31