ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਥਰਾਂ ਨੇ ਕਿਹਾ

ਪੱਥਰਾਂ ਨੇ ਕਿਹਾ,
ਝਰਨਿਆਂ ਨੂੰ ਪੁੱਛੋ!
ਇਹ ਕਿਸ ਦੀ ਪ੍ਰਵਾਨਗੀ ਨਾਲ ਵਗਦੇ ਹਨ?

ਇਨ੍ਹਾਂ ਦੇ ਕਲਵਲ ਕਲਵਲ ਕਰਦੇ ਪਾਣੀ,
ਸਾਨੂੰ ਖਹਿ ਕੇ ਕਿਉਂ ਲੰਘਦੇ ਹਨ?
ਗੂੜ੍ਹੀ ਨੀਂਦਰ ਵਿਚ ਖਲਲ ਪਾਉਂਦੇ ਹਨ।

ਗੱਡੇ ਹੋਏ ਰੁੱਖਾਂ ਨੇ ਕਿਹਾ,
ਮਹਿਕਦੀਆਂ ਹਵਾਵਾਂ ਦੀ ਜੁਆਬ ਤਲਬੀ ਕਰੋ।
ਇਹ ਕਿਸ ਨੂੰ ਪੁੱਛ ਕੇ ਸਾਡੇ ਨਾਲ ਖਹਿਸਰਦੀਆਂ ਨੇ?
ਸ਼ਾਂਤ ਅਡੋਲ ਟਾਹਣੀਆਂ ਨੂੰ ਪਰੇਸ਼ਾਨ ਕਰਦੀਆਂ ਨੇ।

ਕਾਨੂੰਨ ਦੀ ਕਿਤਾਬ ਵਿਚ ਪਏ ਹਰਫ਼ਾਂ ਨੇ ਕਿਹਾ,
ਸਾਨੂੰ ਇਨ੍ਹਾਂ ਪੱਥਰਾਂ ਤੇ ਗੱਡੇ ਹੋਏ ਰੁੱਖਾਂ ਜਹੇ,
ਵਿਆਖਿਆਕਾਰਾਂ ਤੋਂ ਬਚਾਉ।
ਇਹ ਸਾਡੀ ਮੂਲ ਭਾਵਨਾ ਦੀ,
ਬੇਹੁਰਮਤੀ ਕਰਦੇ ਨੇ।

ਆਪਣੇ ਮੈਲੇ ਕੁਚੈਲੇ ਬਦਬੂਦਾਰ ਅਰਥ,
ਸਾਡੇ ਮੋਢਿਆਂ ਤੇ ਲੱਦ ਕੇ,
ਬਦਲੇ ਖ਼ੋਰੀਆਂ ਨੀਤਾਂ ਨਾਲ,
ਸਾਡੀ ਕੰਜ ਕੁਆਰੀ ਆਤਮਾ ਦਾ ਗਰਭ ਪਾਤ ਕਰਦੇ ਨੇ।
ਸਾਡੇ ਮੋਢਿਆਂ ਤੇ ਆਪਣੀ ਕਮਾਨ ਧਰ ਕੇ
ਤੀਰ ਚਲਾਉਂਦੇ ਨੇ।

ਧਰਤੀ ਨਾਦ/ 33