ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇ ਵਿਗਿਆਨੀ

ਹੇ ਵਿਗਿਆਨੀ,
ਜੇ ਤੇਰਾ ਵਿਗਿਆਨ,
ਸਿਰਫ਼ ਤੇਰੇ ਹੀ ਹੱਥ ਵਿਚ,
ਬਣ ਜਾਣਾ ਏਂ ਖੇਡ-ਖਿਡੌਣਾ।
ਲੋਕ ਭਲੇ ਦੇ ਕੰਮ ਨਹੀਂ ਆਉਣਾ।
ਤਾਂ ਫਿਰ ਤੇਰਾ ਮੇਰਾ ਰਾਹ ਹੁਣ ਵੱਖਰਾ ਵੱਖਰਾ।

ਜੇ ਤੇਰੇ ਵਿਗਿਆਨ ਸਿਰਫ਼ ਹਥਿਆਰ ਬਣਾਉਣੇ।
ਜੋ ਹਾਕਮ ਦੇ ਕੰਮ ਨੇ ਆਉਣੇ।
ਲੋਕ ਸ਼ਕਤੀਆਂ ਕੁਚਲਣ ਖ਼ਾਤਰ,
ਜਾਂ ਫਿਰ ਸਰਹੱਦ ਬਣੇ ਬਹਾਨਾ।
ਭਰਨ ਗਰੀਬ ਲੋਕ ਹਰਜਾਨਾ।
ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ।

ਜੇ ਤੇਰੇ ਵਿਗਿਆਨ ਦੇ ਹੱਥੋਂ,
ਧਰਤੀ ਮਾਂ ਦੇ ਨਕਸ਼ ਵਿਗੜਨੇ।
ਅੰਬਰ ਲੀਰੋ ਲੀਰ ਪਾਟਣਾ,
ਸਾਗਰ ਵਿਚ ਤਰਥੱਲੀ ਮੱਚਣੀ।
ਪੌਣਾਂ ਦੇ ਵਿਚ ਜ਼ਹਿਰ ਪਸਰਨਾ।
ਬਿਰਛ ਬਰੂਟੇ ਮੁਰਝਾਉਣੇ ਨੇ।
ਤਾਂ ਫਿਰ ਤੇਰਾ ਮੇਰਾ ਰਸਤਾ ਵੱਖਰਾ ਵੱਖਰਾ।

ਜੇ ਤੇਰੇ ਵਿਗਿਆਨ 'ਚ ਦਮ ਹੈ,
ਮੇਰੀ ਮਾਂ ਦੇ ਅੱਥਰੂਆਂ 'ਚੋਂ ਵੇਖ ਪਰਖ਼ ਲੈ।
ਕਿਹੜੇ ਦੁੱਖ ਤੇ, ਕਿਹੜੇ ਮੌਸਮ,
ਮਾਂ ਦੀ ਕਮਰ ਕਮਾਨ ਬਣਾਈ?

ਧਰਤੀ ਨਾਦ/ 37