ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਆਪਣੇ ਲੋਕਾਂ ਵੱਲ ਪਿੱਠ ਕਰਕੇ ਤੁਰਦੇ ਰਹਿਣਾ।
ਤਾਂ ਹੁਣ ਸੁਣ ਲੈ ਮੇਰਾ ਕਹਿਣਾ,
ਤੇਰਾ ਮੇਰਾ ਰਸਤਾ ਵੱਖਰਾ ਵੱਖਰਾ ਰਹਿਣਾ।
ਤੂੰ ਆਪਣੇ ਵਿਗਿਆਨ 'ਚ ਮਾਂ ਦੀ ਲੋਰੀ ਭਰ ਲੈ।
ਚਿਤਰਕਾਰ ਤੋਂ ਰੰਗ ਉਧਾਰੇ,
ਬੰਸਰੀਆਂ ਤੋਂ ਹੂਕਾਂ ਲੈ ਲੈ,
ਤੂੰਬੀ ਤੋਂ ਟੁਣਕਾਰ ਨਿਰੰਤਰ,
ਇਹ ਵਿਗਿਆਨ ਜਿਉਂਦਾ ਕਰ ਲੈ।
ਨਿੱਕੇ ਬਾਲਾਂ ਤੋਂ ਕਿਲਕਾਰੀ।
ਜਿਉਂਦੇ ਰੰਗਾਂ ਦੀ ਪਿਚਕਾਰੀ।
ਅੰਬਰ 'ਚੋਂ ਸਤਰੰਗੀ ਲੈ ਕੇ,
ਪੀਂਘਾਂ ਚਾੜ੍ਹ ਹਵਾ ਵਿਚ ਤਰ ਲੈ।
ਵਰ ਲੱਭਦੀ ਮੁਟਿਆਰ ਦੀ ਧੜਕਣ,
ਗੱਭਰੂ ਦੇ ਸਾਹਾਂ ਦੀ ਤੜਪਣ।
ਤਪਦੀ ਧਰਤੀ ਉੱਪਰ ਵਰ੍ਹ ਜਾ,
ਬਣ ਕੇ ਕਿਣ ਮਿਣ।
ਫਿਰ ਤੇਰਾ ਤੇ ਮੇਰਾ ਰਸਤਾ ਇਕ ਹੋ ਸਕਦੈ।
ਧਰਤੀ ਨਾਦ/ 39