ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਰੰਗ ਹੀ ਤਾਂ ਬੋਲਦੇ ਨੇ

ਰੰਗ ਹੀ ਤਾਂ ਬੋਲਦੇ ਨੇ।
ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ।
ਖੁਸ਼ੀ ਦੇ ਫ਼ੁਹਾਰਿਆਂ 'ਚ ਰਸ ਮਿੱਠਾ ਘੋਲਦੇ ਨੇ।
ਸੁਣੋ! ਰੰਗ ਬੋਲਦੇ ਨੇ।

ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ 'ਚ।
ਉੱਡਦੀ ਏ ਜਲਪਰੀ ਸੁਪਨੇ ਦੇ ਪਾਣੀਆਂ 'ਚ।
ਜਿਸ ਰੰਗੇ ਲੀੜੇ ਪਾ ਕੇ ਅੱਖਾਂ ਅੱਗੇ ਆਉਂਦੀ ਏ।
ਉਹੋ ਜਹੇ ਮਨ 'ਚ ਖ਼ਿਆਲਾਂ ਨੂੰ ਜਗਾਉਂਦੀ ਏ।

ਰੰਗਾਂ ਨੂੰ ਲਿਬਾਸ ਵਾਲੀ ਹੁੰਦੀ ਭਾਵੇਂ ਲੋੜ ਨਾ।
ਪਰ ਸਦਾ ਰੰਗਾਂ ਨੂੰ ਨੰਗੇਜ਼ ਵਲੋਂ ਮੋੜਨਾ।
ਜੀਹਦੇ ਹੱਥ ਕੂਚੀ ਉਹਦਾ ਰੰਗ ਹੀ ਧਰਮ ਹੈ।
ਰੰਗਾਂ ਦੀ ਵੀ ਅੱਖ 'ਚ ਬਾਰੀਕ ਜਹੀ ਸ਼ਰਮ ਹੈ।
ਏਸ ਨੂੰ ਪਛਾਨਣਾ ਤੇ ਜਾਨਣਾ ਜ਼ਰੂਰੀ ਹੈ।
ਵਧ ਜਾਣੀ ਨਹੀਂ ਤਾਂ ਹੋਰ ਰੰਗਾਂ ਕੋਲੋਂ ਦੂਰੀ ਹੈ।

ਕੁਝ ਰੰਗ ਨਿਰੀ ਹੀ ਬੇਸ਼ਰਮੀ ਨੇ ਘੋਲਦੇ।
ਜਦੋਂ ਵੀ ਬੁਲਾਉ ਅੱਗੋਂ ਅਵਾ ਤਵਾ ਬੋਲਦੇ।
ਧਰਤੀ 'ਚ ਜੰਮੇ ਜਾਏ ਰੁੱਖ ਜਦੋਂ ਬੋਲਦੇ।
ਬਕ ਬਕੀ ਜ਼ਿੰਦਗੀ 'ਚ ਰੰਗ ਜਾਣ ਘੋਲਦੇ।

ਆਪਣੀ ਪਿਆਸ ਵਾਲੇ ਰੰਗ ਵਿਚ ਰੰਗ ਕੇ।
ਰੰਗਾਂ ਨੂੰ ਮਨੁੱਖ ਰੱਖੇ ਸੂਲੀ ਉੱਤੇ ਟੰਗ ਕੇ।
ਪਾਣੀ ਨੂੰ ਵੀ ਆਦਮੀ ਹੀ ਰੰਗਾਂ 'ਚ ਵਟਾਉਂਦਾ ਹੈ।
ਜਿਹੋ ਜਿਹੀ ਪਿਆਸ ਹੋਵੇ ਉਹੋ ਜਿਹੀ ਬਣਾਉਂਦਾ ਹੈ।

ਧਰਤੀ ਨਾਦ/ 40