ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੁੱਕਦੇ ਨੇ ਫ਼ਲ ਤੋਤੇ ਚੁੰਝਾਂ ਲਾਲ ਲਾਲ ਨੇ।
ਧਰਤੀ ਦੇ ਲੋਕਾਂ ਲਈ ਇਹ ਬਲਦੇ ਸੁਆਲ ਨੇ।
ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ।
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ।

ਬੀਜ ਦਿਉ ਕਿਆਰੀਆਂ 'ਚ ਰੀਝ ਤੇ ਉਮੰਗ ਨੂੰ।
ਜੜ੍ਹਾਂ ਤੋਂ ਉਖਾੜ ਦਿਉ, ਹਾਉਕੇ ਬਦਰੰਗ ਨੂੰ।
ਕਰੋ ਅਰਦਾਸ ਰੰਗ ਕਦੇ ਨਾ ਉਦਾਸ ਹੋਵੇ।
ਰੰਗਾਂ ਤੇ ਸੁਗੰਧਾਂ 'ਚ ਪਰੁੱਚਿਆ ਸਵਾਸ ਹੋਵੇ।

ਸਮਾਂ ਤੇ ਸਥਾਨ ਵੇਖ ਬੰਦਾ ਨਹੀਉਂ ਬੋਲਦਾ।
ਦਿਲ ਵਿਚ ਘੁੰਡੀ ਰੱਖੇ ਗੰਢ ਨਹੀਉਂ ਖੋਲ੍ਹਦਾ।
ਏਹੋ ਜੇਹੀ ਚੁੱਪ ਵੇਲੇ ਰੰਗ ਹੀ ਤਾਂ ਬੋਲਦੇ ਨੇ।
ਚਿਹਰੇ ਵਾਲੇ ਰੰਗ ਸਭ ਗੁੰਝਲਾਂ ਨੂੰ ਖੋਲ੍ਹਦੇ ਨੇ,
ਸੁਣੋ! ਰੰਗ ਬੋਲਦੇ ਨੇ।

ਧਰਤੀ ਨਾਦ/ 43