ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/44

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚੀਸ ਪ੍ਰਾਹੁਣੀ

ਸ਼ਾਮਾਂ ਵੇਲੇ ਚੀਸ ਪ੍ਰਾਹੁਣੀ,
ਮੇਰੇ ਮਨ ਦਾ ਦਰ ਖੜਕਾਵੇ।
ਜਾਗੀ ਪੀੜ ਇਕੱਲੀ ਜਿੰਦੜੀ।
ਦਿਲ ਵੀ ਜੀਕਣ ਬੁਝਿਆ ਬੁਝਿਆ,
ਕਿਸੇ ਮਜ਼ਾਰ 'ਤੇ ਮੂਧਾ ਜਿਵੇਂ ਤਰੇੜਿਆ ਦੀਵਾ।

ਦੂਰ ਕਿਤੇ ਸਾਗਰ ਦੇ ਸਿਰ 'ਤੇ ਬੱਦਲ ਚੜ੍ਹਿਆ।
ਕਾਲੀ ਘਟ ਨੇ ਨ੍ਹੇਰ ਮਚਾਇਆ,
ਮੇਰੇ ਪਿੰਡ ਦੇ ਸਿਰ 'ਤੇ ਪਰ ਔੜਾਂ ਦਾ ਸਾਇਆ।
ਹਰ ਜੀਅ ਜੀਕਣ ਹਾਉਕਾ ਤੁਰਦਾ।
ਧੂੰਏ ਵਿਚ ਰਾਹ ਦਿਸੇ ਨਾ ਕੋਈ,
ਸ਼ਾਮਾਂ ਵੇਲੇ ਇਹ ਕੈਸੀ ਅਨਹੋਣੀ ਹੋਈ।

ਮੇਰੇ ਸਨਮੁਖ ਟੁੱਟਿਆ ਸ਼ੀਸ਼ਾ।
ਕੰਕਰ ਕੰਕਰ ਅਕਸ ਖਿੱਲਰਿਆ।
ਇਸ ਤੋਂ ਆਪਣੇ ਬਾਰੇ ਹੁਣ ਮੈਂ ਕੀਹ ਜਾਣਾਂਗਾ?
ਇਹ ਤਾਂ ਆਪ ਗੁਆਚੀ ਕਾਇਆ।
ਤਿੜਕਿਆ ਅਕਸ ਨਿਹਾਰ ਰਿਹਾ ਹਾਂ।

ਹੁਣ ਮੈਂ ਕਿਹੜੇ ਮੋਢੇ ਆਪਣਾ ਸੀਸ ਟਿਕਾਵਾਂ?
ਰੋਂਦਾ ਰੋਂਦਾ ਥੱਕ ਜਾਵਾਂ, ਹੌਲਾ ਹੋ ਜਾਵਾਂ।
ਅੱਖਾਂ ਵਿਚ ਦਰਿਆ ਤੇ ਨਦੀਆਂ।
ਦਿਲ ਵਿਚ ਉੱਛਲੇ ਤਲਖ਼ ਸਮੁੰਦਰ।
ਮੈਥੋਂ ਆਪਣਾ ਰਾਹ ਪੁੱਛਦਾ ਹੈ, ਕਿੱਧਰ ਜਾਵਾਂ?

ਮੇਰੇ ਕੋਲ ਰੁਮਾਲ ਨਾ ਕੋਈ,
ਕਿਸੇ ਮੁਹੱਬਤੀ ਰੂਹ ਦਾ ਦਿੱਤਾ,

ਧਰਤੀ ਨਾਦ/ 44