ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਿਸਨੂੰ ਅੱਖੀਆਂ ਉੱਤੇ ਧਰਕੇ
ਅੱਥਰੂ ਵਹਿੰਦੇ ਰੁਕ ਜਾਂਦੇ ਨੇ,
ਜਿਸ ਵਿਚ ਨਦੀਆਂ, ਦਰਿਆ, ਸਾਗਰ ਸੁੱਕ ਜਾਂਦੇ ਨੇ।

ਏਸ ਪਰਾਈ ਧਰਤੀ ਉੱਤੇ,
ਮੇਰੀ ਆਪਣੀ ਪੈੜ ਨਹੀਂ ਹੈ।
ਨਾ ਮੇਰਾ ਪਰਛਾਵਾਂ ਏਥੇ,
ਨਾ ਮੇਰਾ ਪਰਛਾਵਾਂ ਓਥੇ।
ਬਰਫ਼ਾਨੀ ਟੀਸੀ ਤੇ ਚੰਨ ਹੈ।
ਰਾਤ ਚੌਧਵੀਂ ਦੂਰ ਪਿਆ ਲਿਸ਼ਕੋਰਾਂ ਮਾਰੇ।
ਬਿਟ ਬਿਟ ਝਾਕ ਰਹੇ ਨੇ ਤਾਰੇ।
ਇਹ ਵੀ ਮੇਰੇ ਵਰਗੇ ਸਾਰੇ।
ਨਾ ਜਾਗੇ, ਨਾ ਸੁੱਤੇ ਲੱਗਣ ਥੱਕੇ ਹਾਰੇ।

ਹਰੇ ਕਚੂਰ ਦਰਖ਼ਤਾਂ ਉੱਤੇ ਪੱਤ ਹਰਿਆਲੇ।
ਸੂਰਜ ਦੀ ਲਿਸ਼ਕੋਰ 'ਚ ਲਿਸ਼ਕਣ,
ਪਰ ਹੋਠਾਂ 'ਤੇ ਚੁੱਪ ਦੇ ਤਾਲੇ।
ਜੀਭਾ ਕਿਤੇ ਗੁਆਚ ਗਈ ਹੈ।
ਕੰਨਾਂ ਦੇ ਵਿਚ ਸਿੱਕਾ ਢਲਿਆ,
ਕੁੱਲ ਧਰਤੀ ਦਾ ਸਾਂਝਾ ਦੀਵਾ,
ਕਿੱਥੇ ਚੜ੍ਹ ਕੇ ਸੂਰਜ ਬਲਿਆ।

ਬਾਲ ਅਲੂੰਏਂ ਧਰਤੀ ਦੀ ਹਿੱਕੜੀ 'ਤੇ ਠਰਦੇ।
ਪੈਰੋਂ ਤੇੜੋਂ ਨੰਗ ਮੁਨੰਗੇ ਹਰ ਹਰ ਕਰਦੇ।
ਜੰਮਣ ਸਾਰ ਹੀ ਜ਼ਿੰਦਗੀ ਕਿਤੇ ਗੁਆਚ ਗਈ ਹੈ,
ਰਹਿਣ ਮੌਤ ਦਾ ਲੇਖਾ ਕਰਦੇ।
ਪਰ ਨਾ ਡਾਢੇ ਰੱਬ ਤੋਂ ਡਰਦੇ।

ਹਾੜ੍ਹ ਸਿਆਲੇ, ਪੱਤਝੜ ਅਤੇ ਪੁੰਗਾਰੇ ਰੁੱਤੇ।
ਖੜ ਖੜ ਖੜ ਖੜ ਡੱਬੇ ਰੇਲ ਪਟੜੀਆਂ ਉੱਤੇ।

ਧਰਤੀ ਨਾਦ/ 45