ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਕਤ ਦੇ ਹੇਠਾਂ ਅੱਥਰਾ ਘੋੜਾ,
ਇਹ ਨਾ ਮੈਨੂੰ ਦੇਵੇ ਦਾਈ।
ਖੇਡੀ ਜਾਵੇ ਲੁਕਣ ਮਚਾਈ।
ਮੈਂ ਇਹਦੇ ਸੰਗ ਦੌੜ ਰਿਹਾਂ ਸਿਰਤੋੜ ਨਿਰੰਤਰ।
ਆਦਮ ਜੂਨ ਗੁਆਚੀ ਬਣ ਬੈਠਾ ਹਾਂ ਯੰਤਰ।
ਜਿਉਂਦੇ ਜੀਅ ਨਹੀਂ ਹੋ ਸਕਣਾ, ਮੈਂ ਕਦੇ ਸੁਤੰਤਰ।
ਉੱਚੇ ਭਵਨ, ਪਹਾੜਾਂ, ਮਹਿਲ ਅਟਾਰੀਆਂ ਉੱਤੇ।
ਚੰਨ ਤੇ ਸੂਰਜ ਪੁੱਠੇ ਹੋ ਕੇ ਵੰਡਦੇ ਚਾਨਣ।

ਧਰਤੀ 'ਤੇ ਵੀ ਵੱਸਦੇ ਲੋਕੀਂ,
ਜੋ ਨਾ ਸ਼ਿਕਵਾ, ਰੋਸ ਸ਼ਿਕਾਇਤ,
ਆਪਣੀ ਜੀਭਾ ਉੱਤੇ ਧਰਦੇ।
ਸ਼ਾਮ, ਸਵੇਰੇ, ਰਾਤਾਂ ਤੇ ਪ੍ਰਭਾਤਾਂ ਵੇਲੇ,
ਖ਼ੌਰੇ ਕਿੰਨੇ ਤਰਲੇ ਪਾਉਂਦੇ।
ਰਹਿੰਦੇ ਦੇਵੀ ਦੇਵ ਧਿਆਉਂਦੇ।
ਨੇਰ੍ਹੇ ਦੀ ਲੋਈ ਨਾ ਪਾਟੇ,
ਰਾਹਾਂ ਦੇ ਵਿਚ ਜਿੰਦ ਮੁਕਾਉਂਦੇ।

ਮੇਰਾ ਅੰਬਰ ਵੀ ਕਿਉਂ ਅੱਜ ਤੱਕ ਕਾਲ ਕਲੂਟਾ।
ਪੁੰਗਰਦਾ ਨਾ ਆਸ ਦਾ ਬੂਟਾ।
ਫੁੱਲਾਂ 'ਚੋਂ ਖੁਸ਼ਬੋਈ ਮੋਈ,
ਪ੍ਰਕ੍ਰਿਤੀ ਦੀ ਨਬਜ਼ ਖਲੋਈ।

ਸੂਰਜ ਮੇਰੇ ਨਾਲ ਜਿਵੇਂ ਹੈ ਰੁੱਸਿਆ ਰੁੱਸਿਆ।
ਚੰਦਰਮਾ 'ਚੋਂ ਚਾਨਣ ਜਾਪੇ ਖੁੱਸਿਆ ਖੁੱਸਿਆ।
ਬਿਰਖ਼ ਨਿਪੱਤਰੇ ਵਾਂਗੂੰ ਗੁੰਮ ਗੁੰਮ,
ਦਲਦਲ ਅੰਦਰ ਇਕੋ ਲੱਤ ਦੇ ਭਾਰ ਖੜ੍ਹਾ ਹਾਂ।

ਕਦੇ ਕਦੇ ਤਾਂ ਇਉਂ ਲੱਗਦਾ ਹੈ,
ਮੈਂ ਉਹ ਪੰਛੀ, ਜਿਸ ਦੇ ਪੈਰੀਂ ਝਾਂਜਰ ਹੋਏ।

ਧਰਤੀ ਨਾਦ/ 46