ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੰਭ ਧਾਗੇ ਵਿਚ ਉਲਝੇ, ਉਸ ਤੋਂ ਉੱਡ ਨਾ ਹੋਏ।
ਸੁਪਨੇ ਦੇ ਵਿਚ ਹੇਕ ਅਧੂਰੀ ਸੰਘ ਵਿਚ ਅਟਕੇ।
ਜਾਂ ਖੂਹੀ ਵਿਚ ਡਿੱਗਦੇ ਡਿੱਗਦੇ,
ਮੌਣ ਕਿਨਾਰੇ ਹੱਥ ਪੈ ਜਾਵੇ।
ਕੱਲ੍ਹ-ਮੁ-ਕੱਲ੍ਹਾ ਰੋਵਾਂ ਤੇ ਕੋਈ ਨੇੜ ਨਾ ਆਵੇ।
ਨਾ ਉੱਪਰ ਨਾ ਹੇਠਾਂ, ਦੱਸੋ ਕਿੱਧਰ ਜਾਵੇ।
ਸ਼ਾਮਾਂ ਵੇਲੇ ਕਈ ਵਾਰੀ ਇਉਂ ਸਾਹ ਰੁਕਦਾ ਹੈ।

ਹੇ ਮੇਰੇ ਜੀਵਨ ਦੀ ਜਗਮਗ ਜਗਦੀਏ ਬੱਤੀਏ।
ਆ ਜਾ ਰਲ ਕੇ ਸੁਪਨੇ ਕੱਤੀਏ।
ਸੁਪਨੇ ਵਿਚ ਪਰੁੱਚੀਏ ਨੀ ਸਾਹਾਂ ਦੀਏ ਲੜੀਏ।
ਆ ਜਾ ਏਸ ਇਬਾਰਤ ਨੂੰ ਅੱਜ ਰਲ ਕੇ ਪੜ੍ਹੀਏ।

ਸੂਰਜ ਸਾਡੇ ਸਾਹੀਂ ਕਿਉਂ ਨਹੀਂ ਨਿੱਘ ਵਰਤਾਉਂਦਾ।
ਚੰਦਰਮਾ ਵੀ ਕਿਉਂ ਨਹੀਂ ਸਾਡੇ ਮਨ ਰੁਸ਼ਨਾਉਂਦਾ।

ਆ ਜਾ ਮਨ ਦੇ ਮੈਲੇ ਸ਼ੀਸ਼ੇ ਮੁੜ ਲਿਸ਼ਕਾਈਏ।
ਸ਼ਾਮਾਂ ਵੇਲੇ ਇੱਕ ਦੂਜੇ ਦਾ ਚਾਨਣ ਬਣੀਏ।
ਆਪਣੇ ਅਤੇ ਬੇਗਾਨੇ ਰਾਹ 'ਚੋਂ ਨੇਰ੍ਹ ਮਿਟਾਈਏ।
ਸਾਹਾਂ ਵਿਚ ਕਸਤੂਰੀ ਮੱਥੇ ਕੇਸਰ ਟਿੱਕਾ,
ਇਸ ਧਰਤੀ ਨੂੰ ਜਿਉਣ ਜੋਗੜੀ ਆਪ ਬਣਾਈਏ।

ਧਰਤੀ ਨਾਦ/ 47