ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਪਨੇ ਦਾ ਰੰਗ

ਸੁਪਨੇ ਦਾ ਰੰਗ ਵੱਖਰਾ ਵੱਖਰਾ ਕਿਉਂ ਹੁੰਦਾ ਹੈ?
ਕਿਸੇ ਦਾ ਸੁਪਨਾ ਸੂਰਜ ਵਰਗਾ,
ਖਿੜਿਆ ਖਿੜਿਆ ਸੱਜਰਾ ਸੱਜਰਾ।
ਕਿਸੇ ਅਮੀਰ ਦੇ ਘਰ ਦੇ ਅੰਦਰ,
ਲਾਅਨ 'ਚ ਖਿੜੇ ਗੁਲਾਬਾਂ ਵਰਗਾ।

ਕਿਸੇ ਦਾ ਸੁਪਨਾ ਮਿੱਟੀ ਰੰਗਾ ਕਿਉਂ ਹੁੰਦਾ ਹੈ?
ਨੰਗ ਧੜੰਗੇ, ਮਾਰ ਦੁੜੰਗੇ, ਭੱਜਦੇ ਨੱਸਦੇ,
ਲਿੱਬੜੇ ਤਿੱਬੜੇ ਬਾਲਾਂ ਵਰਗਾ।
ਖਿੱਲਰੇ ਵਾਲਾਂ ਵਾਲਾ ਸੁਪਨਾ।
ਮਿੱਟੀ ਘੱਟੇ ਦੇ ਵਿਚ ਰੁਲ ਗਏ ਹਾਸੇ ਵਰਗਾ।
ਅੱਡੀ ਹੇਠਾਂ ਆ ਕੇ ਭੁਰੇ ਪਤਾਸੇ ਵਰਗਾ।

ਕਿਸੇ ਦਾ ਸੁਪਨਾ ਮੀਂਹ ਮਗਰੋਂ ਸਤਰੰਗੀ ਵਰਗਾ।
ਅੰਬਰ ਦੇ ਵਿਚ ਲਟਕ ਰਹੀ ਉਸ ਪੀਂਘ ਦਾ ਝੂਟਾ,
ਜਿਸਨੂੰ ਮਾਣ ਨਾ ਸਕਦਾ ਕੋਈ।
ਸੋਨ ਬਿਰਖ਼ ਦੀ ਕਲਪਿਤ ਛਾਇਆ।
ਜਿਸ ਦੇ ਹੇਠਾਂ ਬਹਿ ਨਹੀਂ ਸਕਦਾ ਆਦਮ ਕੋਈ।
ਕਿੱਥੇ ਉੱਗਿਆ, ਕਿਸ ਨੇ ਲਾਇਆ?
ਇਹ ਗੱਲ ਜਾਣ ਨਹੀਂ ਸਕਦਾ ਕੋਈ।
ਹਰ ਬੰਦੇ ਦੇ ਸੁਪਨੇ ਦਾ ਰੰਗ,
ਵੱਖਰਾ ਵੱਖਰਾ ਕਿਉਂ ਹੁੰਦਾ ਹੈ?

ਧਰਤੀ ਨਾਦ/ 48