ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਤੀ ਕਰੋੜ ਦੇਵਤੇ

ਆਪਣੇ ਹੀ ਪੁੱਤਰਾਂ ਹੱਥੋਂ,
ਨੀਲਾਮ ਹੋ ਰਹੇ ਮੇਰੇ ਦੇਸ਼।
ਤੈਨੂੰ ਕਿਹੋ ਜਿਹਾ ਲੱਗਦਾ ਹੈ,
ਘਪਲਿਆਂ, ਘੋਟਾਲਿਆਂ ਤੇ ਹਵਾਲਿਆਂ ਦੇ,
ਚੱਕਰਵਿਊਹ ਵਿਚ ਲਗਾਤਾਰ ਘਿਰੇ ਰਹਿਣਾ?

ਮੁਖੌਟੇ ਦਰ ਮੁਖੌਟੇ,
ਪਰਤ ਦਰ ਪਰਤ ਚਿਹਰੇ ਲੈ ਕੇ,
ਹਕੂਮਤ ਕਰ ਰਹੇ ਮਦਾਰੀਆਂ ਹੱਥੋਂ,
ਹਰ ਵਾਰ ਬੇਅਦਬ ਹੋਣਾ,
ਤੈਨੂੰ ਕਿਹੋ ਜਿਹਾ ਲੱਗਦਾ ਹੈ?

ਦੇਸ਼ ਭਗਤੀ ਦੇ ਲਿਬਾਸ ਹੇਠਾਂ ਲੁਕੀ,
ਮਾਨਸ ਖਾਣੀ ਦੁਰਗੰਧ,
ਕਿੰਨਾ ਕੁ ਚਿਰ ਸੁੰਘਦਾ ਰਹੇਂਗਾ।
ਵੇਖ ਕੇ ਅਣਡਿੱਠ ਕਰਦਾ ਰਹੇਂਗਾ।

ਬੜੇ ਚਿਰ ਤੋਂ ਪਰਚ ਰਹੇ ਹਾਂ,
ਸੁਨਹਿਰੇ ਲਾਰਿਆਂ ਤੇ ਰੰਗਲੇ ਗੁਬਾਰਿਆਂ ਜਹੇ ਬੋਲਾਂ ਨਾਲ।
ਬਚਪਨ ਨਹੀਂ, ਹੁਣ ਤਾਂ ਜਵਾਨੀ ਵੀ ਹੰਢ ਗਈ ਹੈ।
ਦਰਿੰਦਗੀ ਮੇਰੇ ਸਾਹਾਂ ਵਿਚ ਵੀ ਸ਼ਾਮਲ ਹੋ ਚੁੱਕੀ ਹੈ।

ਵੱਡੇ ਵੱਡੇ ਬੁੱਤ ਟੁੱਟ ਰਹੇ ਨੇ,
ਨਿੱਕੇ ਨਿੱਕੇ ਲਾਲਚਾਂ ਲਈ।
ਲਿਲਕੜ੍ਹੀਆਂ ਕੱਢਦੇ ਬਿਰਧ ਹੱਥ ਵੇਖਣੇ,
ਸਾਡੇ ਹੀ ਨਸੀਬਾਂ ਵਿਚ ਕਿਉਂ ਸਨ ਮੇਰੇ ਦੇਸ਼।

ਧਰਤੀ ਨਾਦ/ 50