ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਟੀ ਮੰਗਦੇ ਹਨ।
ਕੱਪੜਾ ਮੰਗਦੇ ਹਨ।
ਤੇ ਕਦੇ ਸਿਰ ਢਕਣ ਲਈ ਘਰ।
ਮੈਂ ਇਨ੍ਹਾਂ ਤੋਂ ਲੁਕ ਜਾਂਦਾ ਹਾਂ ਚਿਹਰੇ 'ਤੇ ਚਾਦਰ ਤਾਣ ਕੇ।
ਪਰ ਬੜੇ ਕੁਰਖ਼ਤ ਹਨ ਹਕੀਕਤਾਂ ਦੇ ਪਹਾੜ।

ਇਹ ਸਾਰੇ ਦੇਵਤੇ ਸਿਰ੍ਹਾਣਿਉਂ ਉੱਠ ਕੇ,
ਮੇਰੀ ਹਿੱਕ 'ਤੇ ਆਣ ਬੈਠਦੇ ਹਨ।
ਆਖਦੇ ਹਨ, ਹੁਣ ਬੋਲ।
ਪੁੱਛਦੇ ਹਨ ਕਿ ਤੇਰੇ ਅਨਾਜ ਦੇ ਭੰਡਾਰ,
ਪੈਸੇ ਬਦਲੇ ਹੀ ਕਿਉਂ ਤੁਲਦੇ ਨੇ।

ਆਖਦੇ ਹਨ, ਸਾਡੇ ਕੋਲ ਹੱਥ ਹਨ- ਕੰਮ ਦਿਉ।
ਸਾਡੇ ਕੋਲ ਪੈਰ ਹਨ- ਸਫ਼ਰ ਦਿਉ।
ਸਾਡੇ ਕੋਲ ਖੰਭ ਹਨ- ਪ੍ਰਵਾਜ਼ ਦਿਉ।
ਸਾਡੇ ਕੋਲ ਸੁਪਨੇ ਹਨ, ਇਨ੍ਹਾਂ ਵਿਚ ਰੰਗ ਭਰੋ।

ਸਾਡੇ ਕੋਲ ਬੜਾ ਕੁਝ ਹੈ,
ਪੱਥਰਾਂ 'ਚ ਲੁਕੀ ਅਗਨ ਜਿਹਾ।
ਜ਼ਰਾ ਕੁ ਜਗਾਉ ਤਾਂ ਸਹੀ,
ਅਸੀਂ ਵੀ ਤੜ ਤੜ ਮੱਚਣਾ ਜਾਣਦੇ ਹਾਂ।

ਤੇਰੀ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ,
ਇਨ੍ਹਾਂ ਤੇਤੀ ਕਰੋੜ ਦੇਵਤਿਆਂ ਨੂੰ ਕੀਹ ਆਖਾਂ ਮੇਰੇ ਦੇਸ਼?
ਮੈਂ ਇਨ੍ਹਾਂ ਛਿਆਹਠ ਕਰੋੜ ਅੱਖਾਂ,
ਏਨੀਆਂ ਹੀ ਬਾਹਾਂ ਅਤੇ ਉਸ ਤੋਂ ਵੀ ਦਸ ਗੁਣਾਂ ਉਂਗਲਾਂ ਤੋਂ,
ਮੈਂ ਬਹੁਤ ਭੈਭੀਤ ਹਾਂ ਮੇਰੇ ਦੇਸ਼।

ਧਰਤੀ ਨਾਦ/ 52