ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕਿਸੇ ਵੀ ਦਿਨ,
ਤੇਰਾ ਤੇ ਮੇਰਾ ਭਰਮ-ਭਾਂਡਾ ਭੰਨ ਸਕਦੇ ਨੇ।
ਇਨ੍ਹਾਂ ਤੇਤੀ ਕਰੋੜ ਜੀਭਾਂ ਨੂੰ,
ਜੇ ਬੋਲਣ ਦੀ ਜਾਚ ਆ ਗਈ ਤਾਂ ਕੀਹ ਬਣੇਗਾ?
ਅਜੇ ਤਾਂ ਇਹ ਜੀਭਾਂ ਕਦੇ ਕਦੇ ਹੀ ਬੋਲਦੀਆਂ ਨੇ।
ਜਦ ਵੀ ਬੋਲਦੀਆਂ ਨੇ,
ਮੇਰੀ ਨੀਂਦ ਹਰਾਮ ਕਰਦੀਆਂ ਨੇ।

ਅਣੂੰਆਂ, ਪ੍ਰਮਾਣੂੰਆਂ ਦੀ ਸ਼ਕਤੀ ਦੇ ਭਰਮ ਵਿਚ ਸੁੱਤੇ ਮੇਰੇ ਦੇਸ਼।
ਇਹ ਤੇਤੀ ਕਰੋੜ ਭੁੱਖੇ ਦੇਵਤੇ,
ਤੇਰੀ ਪ੍ਰਮਾਣੂ ਸ਼ਕਤੀ ਵੀ ਬਣ ਸਕਦੇ ਨੇ।
ਤੇ ਤਬਾਹੀ ਦਾ ਕਾਰਨ ਵੀ।

ਹੁਣ ਇਨ੍ਹਾਂ ਨੂੰ ਭਾਸ਼ਨ ਨਹੀਂ ਸੁਣਾਏ ਜਾ ਸਕਦੇ ਲੰਮਾ ਚਿਰ।
ਏਨੇ ਵਰ੍ਹੇ ਥੋੜ੍ਹੇ ਨਹੀਂ ਹੁੰਦੇ।
ਗੂੜ੍ਹੀ ਨੀਂਦਰੋਂ ਜਾਗੇ,
ਇਹ ਤੇਤੀ ਕਰੋੜ ਪੱਥਰ ਹੋਏ ਦੇਵਤੇ,
ਹੁਣ ਭਗਵਾਨ ਬਣੇ ਰਹਿਣ ਦੇ ਭਰਮ ਵਿਚ
ਹੁਣ ਲੰਮਾ ਸਮਾਂ ਨਹੀਂ ਸੌਣਾ ਚਾਹੁੰਦੇ।

ਧਰਤੀ ਨਾਦ/ 53