ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ

ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ।
ਲੱਭੀਏ ਫੇਰ ਪੁਰਾਣੇ ਡੇਰੇ।
ਜੋ ਨਾ ਤੇਰੇ ਨਾ ਹੁਣ ਮੇਰੇ।
ਜਿੱਥੇ ਅੱਜ ਕੱਲ ਘੋਰ ਹਨੇਰੇ।
ਮੁੜ ਕੇ ਓਹੀ ਥਾਵਾਂ ਮੱਲ੍ਹੀਏ।

ਧਰਮ ਕਰਮ ਦੇ ਨਾਂ ਦੇ ਥੱਲੇ।
ਕੂੜ ਕੁਸੱਤ ਦੀ ਨ੍ਹੇਰੀ ਚੱਲੇ।
ਸਭ ਧਰਮਾਂ ਦੀ ਸੋਚ ਧੁਆਂਖੀ,
ਮੌਲਵੀਆਂ ਦੀ ਬੱਲੇ ਬੱਲੇ।
ਆ ਇਨ੍ਹਾਂ ਨੂੰ ਫੇਰ ਦਬੱਲੀਏ।

ਅਕਲ ਇਲਮ ਸਭ ਵਿਕਦਾ ਹੱਟੀਆਂ।
ਸੱਚ ਦੇ ਪਾਂਧੀ ਭਰਦੇ ਚੱਟੀਆਂ।
ਵਣਜ ਜ਼ਹਿਰ ਦਾ ਕਰਦੇ ਖੱਟੀਆਂ।
ਸਾਡੇ ਵਰਗਿਆਂ ਦੀ ਜਿੰਦ ਕੱਲ੍ਹੀ ਏ।

ਮਾਂ ਪਿਉ ਜਾਇਆਂ ਸਕੇ ਭਰਾਵਾਂ।
ਵੰਡ ਕੇ ਧਰਤੀ ਪਾੜੀਆਂ ਛਾਵਾਂ।
ਨਫ਼ਰਤ ਦੇ ਖੇਤੀ ਤੇ ਫ਼ਸਲਾਂ,
ਪਿਆਰ ਦਾ ਬੂਟਾ ਟਾਵਾਂ ਟਾਵਾਂ।
ਮੋਹ ਦਾ ਕੋਈ ਸੁਨੇਹਾ ਘੱਲੀਏ।

ਡੁੱਬੀ ਬੇੜੀ ਸਣੇ ਖਵੱਈਆ।
ਬਣ ਗਿਆ ਸਭ ਦਾ ਬਾਪ ਰੁਪੱਈਆ।
ਨੋਟ ਨਚਾਵੇ ਥੱਈਆ ਥੱਈਆ।
ਵਗਦੀ ਨੇਰ੍ਹੀ ਨੂੰ ਆ ਠੱਲ੍ਹੀਏ।

ਧਰਤੀ ਨਾਦ/ 58