ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਫ਼ਰਕ

ਹੱਕ ਸੱਚ ਇਨਸਾਫ਼ ਲਈ
ਲੜਨ ਵਾਲਾ ਚਿਹਰਾ
ਹਰ ਵਾਰ ਇਕੋ ਜਿਹਾ ਕਿਉਂ ਹੁੰਦਾ ਹੈ?
ਰੱਜ ਕੇ ਸੋਹਣਾ ਦਗ ਦਗ ਕਰਦਾ
ਨੂਰਾਨੀ ਚਿਹਰਾ
ਤੇਜ਼ ਸਰਪੱਟ ਦੌੜਦੇ ਘੋੜੇ 'ਤੇ ਸਵਾਰ
ਉਹ ਇਕੋ ਜਿਹਾ ਜਾਂਬਾਜ਼ ਹੀ
ਕਿਉਂ ਜਾਪਦਾ ਹੈ?

ਤੇ ਜਾਬਰ ਹਰ ਵਾਰ ਇਕੋ ਜਿਹਾ।
ਬਦ ਸ਼ਕਲ ਤੇ ਕਰੂਪ ਹੀ ਕਿਉਂ ਹੁੰਦਾ ਹੈ?
ਹਰਾਮਜ਼ਦਗੀ 'ਤੇ ਉਤਾਰੂ।
ਬਦਚਲਣ ਬੰਦੇ ਜਿਹਾ।
ਉਹਦੇ ਸਾਹਵਾਂ 'ਚੋਂ ਹਰ ਸਮੇਂ,
ਹਰ ਥਾਂ, ਹਰ ਦੇਸ਼
ਦਰਿੰਦਗੀ ਹੀ ਕਿਉਂ ਫੁੰਕਾਰੇ ਮਾਰਦੀ ਹੈ?
ਹਰ ਵਾਰ ਇਨ੍ਹਾਂ ਦੋਹਾਂ ਵਿਚਕਾਰ
ਏਨਾ ਪੱਕਾ ਪਕੇਰਾ ਪਾੜਾ ਕਿਉਂ ਹੁੰਦਾ ਹੈ।

ਧਰਤੀ ਨਾਦ/ 61