ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਘਿਆੜਾਂ ਨੂੰ ਕਹੋ

ਬਘਿਆੜਾਂ ਨੂੰ ਕਹੋ,
ਸਾਵਧਾਨ ਰਹੋ, ਅਸੀਂ ਆ ਰਹੇ ਹਾਂ।
ਇਸ ਵਾਰ ਭੇਡਾਂ ਬਣ ਕੇ ਨਹੀਂ,
ਬਹੁਤ ਸਾਰੀ ਸ਼ਕਤੀ ਨਾਲ,
ਸ਼ਸ਼ਤਰ ਬੱਧ ਹੋ ਕੇ ਆ ਰਹੇ ਹਾਂ।

ਉਹ ਜਿੱਧਰ ਚਾਹੁਣ ਜਾ ਸਕਦੇ ਹਨ।
ਭੱਜਣਾ ਚਾਹੁਣ ਭੱਜ ਸਕਦੇ ਹਨ।
ਅਸੀਂ ਹੁਣ ਉਨ੍ਹਾਂ ਨੂੰ ਖ਼ੂਬ ਪਛਾਣਦੇ ਹਾਂ।
ਉਨ੍ਹਾਂ ਦੀ ਔਕਾਤ ਨੂੰ ਜਾਣਦੇ ਹਾਂ।
ਹੁਣ ਅਸੀਂ ਖਲੋਤੇ ਪਾਣੀ ਨਹੀਂ,
ਦਰਿਆ ਬਣ ਕੇ ਆ ਰਹੇ ਹਾਂ।

ਸਾਡੇ ਹੱਥਾਂ ਵਿਚ ਹੁਣ ਹੋਣਗੀਆਂ,
ਸੂਹੀਆਂ, ਤੇਜ਼ ਬਲਦੀਆਂ ਮਸ਼ਾਲਾਂ।
ਨ੍ਹੇਰ ਚੀਰਦੀਆਂ ਸਰਵਾਹੀਆਂ।
ਇਕ ਨਹੀਂ, ਅਨੇਕ ਹੋ ਕੇ ਆ ਰਹੇ ਹਾਂ।
ਇਕ ਤੋਂ ਅਨੇਕ,
ਤੇ ਅਨੇਕ ਤੋਂ ਅਨੰਤ ਹੋ ਜਾਵਾਂਗੇ।
ਬਘਿਆੜਾਂ ਹੱਥੋਂ,
ਜ਼ਿੰਦਗੀ ਦੀ ਬੁਰਕੀ ਬੁਰਕੀ ਬਚਾਵਾਂਗੇ।

ਵਕਤ ਦੇ ਬੇ-ਰਹਿਮ ਪੰਜਿਆਂ ਵਿਚ,
ਤੜਫ਼ਦੀ ਫੜਫੜਾਉਂਦੀ ਜ਼ਿੰਦਗੀ,
ਸਾਨੂੰ ਲੰਮੇ ਸਮੇਂ ਤੋਂ ਉਡੀਕ ਰਹੀ ਹੈ।
ਅਸੀਂ ਹੁਣ ਆਵਾਂਗੇ।
ਤਾਰ ਤਾਰ ਜ਼ਿੰਦਗੀ ਨੂੰ ਤੰਦ ਤੰਦ ਜੋੜਾਂਗੇ।
ਵਕਤ ਦਾ ਅਮੋੜ ਘੋੜਾ,
ਪਿਛਲੇ ਮੂੰਹ ਮੋੜਾਂਗੇ।

ਧਰਤੀ ਨਾਦ/ 63