ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਅੱਜ ਦੀ ਰਾਤ ਜਿਵੇਂ ਕੋਈ ਰਿਸ਼ਤਾ,
ਮਰ ਮੁੱਕ ਜਾਵੇ।
ਰੀਝਾਂ ਨਾਲ ਲਗਾਇਆ ਬੂਟਾ,
ਸੜ ਸੁੱਕ ਜਾਵੇ।
ਪੱਤਰ ਝੜਨ ਦੇ ਬਾਵਜੂਦ ਵੀ,
ਹੱਥੀਂ ਖ਼ੁਦ ਪੁੱਟਣਾ ਨਾ ਚਾਹਵੇ।
ਅੱਜ ਦੀ ਰਾਤ ਜਿਵੇਂ ਉਹ ਨਾਰੀ,
ਆਪਣਾ ਹਾਰ ਸ਼ਿੰਗਾਰ, ਪਟਾਰੀ,
ਇਕ ਇਕ ਕਰਕੇ ਦਰਿਆ ਵਿਚ ਪ੍ਰਵਾਹੀ ਜਾਵੇ।
ਆਸ ਉਮੀਦ ਦਾ ਇਕ ਇਕ ਮਣਕਾ,
ਟੁੱਟੀ ਤੰਦ 'ਚੋਂ ਨਿਕਲ ਗਿਆ ਜੋ,
ਪਹਿਲਾਂ ਚੁਗਦੀ, ਚੁੰਮਦੀ ਚੱਟਦੀ,
ਵਗਦੇ ਪਾਣੀ ਅੰਦਰ ਮਗਰੋਂ,
ਇਕ ਇਕ ਕਰਕੇ ਆਪਣੇ ਆਪ ਵਗਾਹੀ ਜਾਵੇ।
ਅੱਜ ਦੀ ਰਾਤ ਗੁਆਚੇ ਚੰਨ ਦੀ,
ਆਪਣੀ ਜੋਤ ਗੁਆਚੀ ਹੋਈ।
ਬਿਨਾ ਚਕੋਰੀ ਉਸਦਾ ਚਾਨਣ,
ਹੋਰ ਨਹੀਂ ਲੱਭ ਸਕਦਾ ਕੋਈ।
ਪਰ ਬਿਰਹਣ ਦੇ ਸਾਹਾਂ ਅੰਦਰ,
ਮਨ ਮਸਤਕ ਦੇ ਸੂਹੇ ਮੰਦਰ,
ਜੋ ਦੀਵਾ ਤੂੰ ਬਾਲ ਧਰ ਗਿਆ।
ਉਸਦੀ ਬੱਤੀ ਕਾਵਾਂ ਚੂੰਡੀ,
ਦੀਵਾ ਸਾਰਾ ਤੇਲ ਪੀ ਗਿਆ।
ਏਸੇ ਕਰਕੇ ਮੇਰੇ ਨੈਣੀਂ ਨ੍ਹੇਰ ਪਸਰਿਆ।
ਤੇ ਜ਼ਿੰਦਗੀ 'ਚੋਂ ਨੂਰ ਮਰ ਗਿਆ
ਜਾਣ ਵਾਲਿਆ।
ਇਹ ਕੈਸਾ ਅਹਿਸਾਨ ਕਰ ਗਿਆ।
ਧਰਤੀ ਨਾਦ/ 66