ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਹੂੰ ਗੋਰਾ ਫਰੰਗੀ,
ਫਿਰ ਕਹਾਂਗਾ ਬੀਤਿਆਂ ਵਕਤਾਂ 'ਚ
ਔਰੰਗਜ਼ੇਬ ਵਰਗੀ।

ਫੇਰ ਉੱਚੀ 'ਵਾਜ਼ ਮਾਰੇ ਤੇ ਉਚਾਰੇ।
ਏਸ ਧਰਤੀ ਨੂੰ ਸੁਹਾਗਣ ਕਰਨ ਵਾਲੇ,
ਮਾਂਗ ਅੰਦਰ ਖ਼ੂਨ ਦਾ ਸੰਧੂਰ ਹੱਥੀਂ ਭਰਨ ਵਾਲੇ,
ਦੂਰ ਕਾਫ਼ੀ ਦੂਰ ਤੁਰ ਗਏ ਜਾਪਦੇ ਨੇ।

ਓਸ ਨੂੰ ਇਹ ਵੀ ਪਤਾ ਸੀ,
ਓਸ ਦੇ ਵੱਡਿਆਂ ਨੇ "ਪੱਗ ਸਾਂਭਣ" ਦੀ ਪਹਿਲੀ ਬਾਤ ਪਾਈ।
ਸੌਂ ਰਹੀ ਜਨਤਾ ਜਗਾਈ- ਰੀਤ ਪਾਈ।

ਜ਼ੁਲਮ ਦੇ ਅੱਗੇ ਖਲੋਈਏ ਹਿੱਕ ਤਣ ਕੇ।
ਜੀਵੀਏ ਤਾਂ ਜੀਵੀਏ ਸਿਰਦਾਰ ਬਣ ਕੇ।

ਜੱਲ੍ਹਿਆਂ ਵਾਲੇ 'ਚ ਜਦ ਕਤਲਾਮ ਹੋਇਆ
ਉਹ ਅਜੇ ਬੱਚਾ ਸੀ ਭਾਵੇਂ, ਕਹਿਣ ਲੱਗਾ "ਕਹਿਰ ਹੋਇਆ।"

ਤੁਰ ਲਾਹੌਰੋਂ ਆ ਗਿਆ ਉਹ ਰਾਤੋ ਰਾਤ ਅੰਬਰਸਰ।
ਉਸ ਦੇ ਮਨ ਅੰਦਰ ਨਹੀਂ ਸੀ ਕੋਈ ਵੀ ਡਰ।
ਰੱਤ ਭਿੱਜੀ ਮਿੱਟੀ ਉਸ ਸ਼ੀਸ਼ੀ 'ਚ ਪਾਈ-ਕਸਮ ਖਾਈ,
ਜ਼ੁਲਮ ਤੇ ਜ਼ਾਲਮ ਨੂੰ ਏਥੋਂ ਕੱਢਣਾ ਹੈ।
ਕਰਨੀਆਂ ਆਜ਼ਾਦ ਪੌਣਾਂ, ਧੁੱਪਾਂ ਛਾਵਾਂ,
ਜੂੜ ਗੋਰੇਸ਼ਾਹੀ ਦਾ ਹੁਣ ਵੱਢਣਾ ਹੈ।

ਨਾਲ ਉਹਦੇ ਰਲ ਗਏ ਕੁਝ ਹਮ ਖਿਆਲ।
ਮੁਕਤੀਆਂ ਦੇ ਪਾਂਧੀਆਂ ਤੋਂ ਫੜ ਮਿਸ਼ਾਲ।
ਕਾਫ਼ਲਾ ਬਣ ਤੁਰ ਪਿਆ ਉਹ ਬੇਮਿਸਾਲ।

ਧਰਤੀ ਨਾਦ/ 71