ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵ ਦਰਸ਼ਨ ਨਾਲ ਉਸ ਮੱਥਾ ਜਗਾਇਆ।
ਹਾਣੀਆਂ ਨੂੰ ਕਹਿ ਸੁਣਾਇਆ-
ਹਰ ਜਗ੍ਹਾ ਸ਼ਸਤਰ ਨਹੀਂ ਹਥਿਆਰ ਹੁੰਦਾ।
ਬਹੁਤ ਵਾਰੀ ਸ਼ਾਸਤਰ ਵੀ ਯਾਰ ਹੁੰਦਾ।
ਉਹ ਕਿਤਾਬਾਂ ਬਹੁਤ ਪੜ੍ਹਦਾ ਗਿਆਨ ਪੀਂਦਾ।
ਸ਼ਬਦ ਸੋਝੀ ਨਾਲ ਜੀਂਦਾ।

ਆਪ ਲਿਖਦਾ ਜਦ ਕਦੇ ਵੀ,
ਨੇਰ੍ਹਿਆਂ ਦੇ ਜਾਲ ਤਾਰੋ ਤਾਰ ਕਰਦਾ।
ਦੇਸ਼ ਦੇ ਫ਼ਿਕਰਾਂ 'ਚ ਜੀਂਦਾ ਨਾਲ ਮਰਦਾ।
ਵਿਸ਼ਵ ਦੇ ਯੋਧੇ ਉਹਦੇ ਸੰਗੀ ਬਣੇ ਸੀ।
ਵੱਖ ਵੱਖ ਥਾਵਾਂ ਤੇ ਜੋ ਸੋਚਾਂ ਜਣੇ ਸੀ।

ਬੰਬ ਤੇ ਪਿਸਤੌਲ ਵੀ ਸਾਥੀ ਬਣਾਏ।
ਪਰ ਇਰਾਦਾ ਸਾਫ਼ ਸੀ ਕਿ,
ਉਸ ਦੇ ਹੱਥੋਂ ਨਾ ਬੇਦੋਸ਼ੀ ਜਾਨ ਜਾਵੇ।

ਚਮਕਿਆ ਸੂਰਜ ਦੇ ਵਾਂਗੂੰ ਦੇਸ਼ ਅੰਦਰ।
ਪਰ ਕਦੇ ਪ੍ਰਵਾਨਿਆ ਨਾ ਪੋਰਬੰਦਰ।
ਓਸ ਨੇ ਗਾਇਆ ਸੀ ਇੱਕੋ ਹੀ ਤਰਾਨਾ।
ਬਣਨ ਨਹੀਂ ਦੇਣਾ ਵਤਨ ਨੂੰ ਜੇਲ੍ਹਖ਼ਾਨਾ।

ਆਪਣੀ ਹੋਣੀ ਨੂੰ ਆਪੇ ਹੀ ਲਿਖਾਂਗੇ।
ਦੂਸਰੇ ਦਾ ਹੁਕਮ ਕਿਉਂ ਰਾਹ ਵਿਚ ਖਲੋਏ।
ਜਾਗ ਉੱਠਦੇ ਸੁਪਨ ਸੁੱਤੇ, ਬਿਰਧ, ਬੱਚੇ,
ਓਸ ਦੇ ਹਰ ਬੋਲ ਵਿਚੋਂ ਰੱਤ ਚੋਏ।

ਓਸ ਦੇ ਸਿਰ ਬੋਲਦਾ ਇੱਕੋ ਜਨੂੰਨ।
ਬਣਦੇ ਕਿਉਂ ਨੇ ਰਾਤ ਦਿਨ ਕਾਲੇ ਕਾਨੂੰਨ।

ਧਰਤੀ ਨਾਦ/ 72