ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ਼ ਦੀ ਦੌਲਤ ਬੇਗਾਨੇ ਲੁੱਟਦੇ ਨੇ।
ਜਿਸਨੂੰ ਜਿੱਥੇ ਜੀਅ 'ਚ ਆਵੇ,
ਅਮਨ ਤੇ ਕਾਨੂੰਨ ਦਾ ਕਰਕੇ ਬਹਾਨਾ,
ਆਪ ਹੀ ਬਣ ਬਹਿੰਦੇ ਮੁਨਸਿਫ਼,
ਚੌਂਕ ਵਿਚ ਢਾਹ ਕੁੱਟਦੇ ਨੇ।

ਜਿਸ ਨੂੰ ਜਿੱਥੇ ਜੀਅ 'ਚ ਆਵੇ, ਛਾਂਗ ਦੇਂਦੇ, ਪਾੜ ਦੇਂਦੇ।
ਉਮਰ ਕੈਦਾਂ, ਨਰਕ ਕੁੰਭੀ, ਫਾਂਸੀਆਂ ਤੇ ਚਾੜ੍ਹ ਦੇਂਦੇ।
ਰਹਿਣ ਦੇਣਾ ਹੁਣ ਕੋਈ ਸੰਗਲ ਨਹੀਂ ਹੈ।
ਦੇਸ਼ ਹੈ ਇਹ, ਇਹ ਕੋਈ ਜੰਗਲ ਨਹੀਂ ਹੈ।

ਹੋਰ ਨਹੀਂ ਝੱਲਣੀ ਭਰਾਓ ਹੁਣ ਜ਼ਲਾਲਤ।
ਆਪਣੇ ਵਿਸ਼ਵਾਸ ਦੀ ਕੀਤੀ ਸੀ ਉਹਨੇ ਖ਼ੁਦ ਵਕਾਲਤ।
ਬੋਲਦੀ ਕੀਹ ਓਸ ਦੇ ਅੱਗੇ ਅਦਾਲਤ?

ਮੁਨਸਿਫ਼ਾਂ ਨੂੰ ਓਸ ਹਰ ਵਾਰੀ ਸੁਣਾਇਆ।
ਫ਼ੈਸਲਾ ਦੇਂਦੇ ਹੋ ਮਾਲਕ ਜੋ ਲਿਖਾਇਆ।
ਹੱਕ ਤੇ ਇਨਸਾਫ਼ ਵੀ ਕਰਿਆ ਕਰੋ।
ਆਪਣੀ ਨਜ਼ਰੋਂ ਨਾ ਡਿੱਗੋ, ਕੌਡਾਂ ਬਦਲੇ,
ਰੋਜ਼ ਨਾ ਮਰਿਆ ਕਰੋ।

ਮੈਂ ਹਕੂਮਤ ਤੋਂ ਕਦੇ ਡਰਨਾ ਨਹੀਂ ਹੈ।
ਫਾਂਸੀ ਚੜ੍ਹ ਕੇ ਵੀ ਕਦੇ ਮਰਨਾ ਨਹੀਂ ਹੈ।
ਮੈਂ ਤਾਂ ਸੂਰਜ ਹਾਂ- ਉਦੈ ਹੋਵਾਂਗਾ ਫ਼ੇਰ।
ਜ਼ਿੰਮੇਵਾਰੀ ਹੈ, ਮਿਟਾਉਣਾ ਕੂੜ੍ਹ ਨੇਰ੍ਹ।

ਨਰਮ ਪੰਥੀ ਅਰਜ਼ਮੰਦਾਂ ਨੂੰ ਵੀ ਸਿੱਧਾ ਆਖਿਆ ਸੀ।
ਐਵੇਂ ਇਹ ਹਥਿਆਰ ਤੱਕ ਕੇ,

ਧਰਤੀ ਨਾਦ/ 73