ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਕੱਲ੍ਹ ਦਿੱਲੀਏ

ਅੱਜ ਕੱਲ੍ਹ ਦਿੱਲੀਏ ਉਦਾਸ ਬੜੀ ਰਹਿੰਦੀ ਏਂ।
ਚੁੱਪ ਚੁੱਪ ਰਹਿੰਦੀ, ਮੂੰਹੋਂ ਕੁਝ ਵੀ ਨਾ ਕਹਿੰਦੀ ਏਂ।

ਕਦੇ ਤੈਨੂੰ ਨਾਦਰਾਂ, ਚੁਗੱਤਿਆਂ ਨੇ ਲੁੱਟਿਆ।
ਲੁੱਟ ਦੇ ਬਹਾਨੇ, ਤੈਨੂੰ ਬੜੀ ਵਾਰ ਕੁੱਟਿਆ।
ਜੜ੍ਹ ਦੇ ਸਮੇਤ ਬੂਟਾ ਧਰਤੀ 'ਚੋਂ ਪੁੱਟਿਆ।
ਜਾਬਰਾਂ ਦੇ ਵਾਰ ਹਰ ਵਾਰ ਤੂੰ ਹੀ ਸਹਿੰਦੀ ਏਂ।
ਅੱਜ ਕੱਲ੍ਹ ਦਿੱਲੀਏ ...।

ਚਿੱਟੇ ਕਦੇ ਲਾਲ ਪੀਲੇ ਵੇਸ ਪਾ ਕੇ ਆਉਂਦੇ ਨੇ।
ਮਨਾਂ ਦੀ ਹਵਾੜ ਗੰਦੀ ਮੁੱਖੋਂ ਫੁਰਮਾਉਂਦੇ ਨੇ।
ਖੋਟਾ ਸਿੱਕਾ ਖ਼ਰਿਆਂ ਦੇ ਮੁੱਲ 'ਤੇ ਚਲਾਉਂਦੇ ਨੇ।
ਲੱਠ ਮਾਰ ਹਾਕਮਾਂ ਦੇ ਕੋਲੋਂ ਤੂੰ ਤਰਹਿੰਦੀ ਏਂ।
ਚੁੱਪ ਚੁੱਪ ਰਹਿੰਦੀ ਮੂੰਹੋਂ ਕੁਝ ਵੀ ਨਾ ਕਹਿੰਦੀ ਏਂ।

ਜਿੰਨ੍ਹਾਂ ਹੱਥ ਦੇਸ਼ ਦਾ ਨਿਜ਼ਾਮ ਤੇ ਵਿਧਾਨ ਹੈ।
ਉਨ੍ਹਾਂ ਨੇ ਹੀ ਕੀਤੀ ਤੇਰੀ ਮੁੱਠੀ ਵਿਚ ਜਾਨ ਹੈ।
ਸੇਧਿਆ ਏ ਤੇਰੇ ਵੱਲ ਤੀਰ ਤੇ ਕਮਾਨ ਹੈ।
ਉਨ੍ਹਾਂ ਨੂੰ ਹੀ ਲਾਡਲੇ ਸਪੂਤ ਸਦਾ ਕਹਿੰਦੀ ਏਂ।
ਅੱਜ ਕੱਲ੍ਹ ਦਿੱਲੀਏ ...।

ਧੰਨ ਤੇਰੇ ਪੁੱਤ ਆਉਂਦੇ ਲੋਕਾਂ ਤਾਈਂ ਚਾਰ ਕੇ।
ਤੇਰੀ ਗੋਦੀ ਬੈਠਦੇ ਨੇ ਕਾਲਾ ਧਨ ਤਾਰ ਕੇ।
ਲੁੱਟਦੇ ਨੇ ਪੰਜ ਵਰ੍ਹੇ ਦੇਸ਼ ਨੂੰ ਵੰਗਾਰ ਕੇ।
ਹੁਣ ਨਹੀਂ ਵਿਸਾਹ ਖਾਣਾ, ਹਰ ਵਾਰੀ ਕਹਿੰਦੀ ਏਂ।
ਅੱਜ ਕੱਲ੍ਹ ਦਿੱਲੀਏ ...।

ਧਰਤੀ ਨਾਦ/ 79