ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤਾਰੇ ਵੇਖਣੇ ਨੇ

ਮੇਰੀਆਂ ਅੱਖਾਂ ਤੋਂ ਅੱਖੜ ਬਾਨ੍ਹੇ ਖੋਲ੍ਹ ਦੇਵੋ।
ਉਤਾਰ ਦੇਵੋ ਆਪਣੀ ਪਸੰਦ ਦੇ ਖੋਪੇ।
ਰੰਗ ਬਰੰਗੀਆਂ ਦੇਸੀ ਬਦੇਸ਼ੀ ਸਾਰੀਆਂ ਐਨਕਾਂ ਲਾਹੋ।
ਮੈਂ ਤਾਰੇ ਵੇਖਣੇ ਨੇ।

ਚਾਰ ਦੀਵਾਰਾਂ ਨੂੰ ਦੂਰ ਹਟਾਓ।
ਖੋਲ੍ਹ ਦੇਵੋ ਦਰ ਦਰਵਾਜ਼ੇ।
ਪਿਘਲਾ ਦਿਉ ਕੁੰਡੇ ਜੰਦਰੇ ਤਰਲ ਲੋਹੇ ਵਿਚ।
ਪੈਰਾਂ ਵਿਚੋਂ ਜੰਜ਼ੀਰਾਂ ਖੋਲ੍ਹੋ।
ਪੁੱਟ ਦਿਉ ਕਿੱਲੇ,
ਲਾਹ ਦਿਉ ਸੰਗਲ,
ਮੈਨੂੰ ਖੁੱਲ੍ਹੀ ਹਵਾ ਵਿਚ ਆਉਣ ਦਿਉ।
ਮੈਂ ਤਾਰੇ ਵੇਖਣੇ ਨੇ।

ਅੰਨ੍ਹੇ ਬੋਲੇ ਸ਼ਹਿਰ ਦੀ ਹਨ੍ਹੇਰੀ ਰਾਤ ਵਿਚ,
ਤੁਸੀਂ ਅੰਦਰ ਵੜੇ ਰਹੋ।
ਚੋਰਾਂ ਤੋਂ ਡਰਦੇ ਅੰਦਰ ਦੜੇ ਰਹੋ
ਸੌਣ ਲਈ ਮੰਜਾ ਬਿਸਤਰਾ ਮੈਨੂੰ ਨਹੀਂ ਚਾਹੀਦਾ,
ਮੈਨੂੰ ਕੋਠੇ 'ਤੇ ਚੜ੍ਹ ਕੇ ਭੌਣ ਦਿਉ।
ਮੈਂ ਤਾਰੇ ਵੇਖਣੇ ਨੇ।

ਠਰੀ ਹੋਈ ਰਾਤ ਨੂੰ।
ਸਰਦ ਜਜ਼ਬਾਤ ਨੂੰ।
ਸੁਸਤੀ ਕਮਜ਼ਾਤ ਨੂੰ।
ਸੁੱਤੇ ਰਹਿਣ ਦਿਉ।
ਮੈਂ ਤਾਰੇ ਵੇਖਣੇ ਨੇ।

ਧਰਤੀ ਨਾਦ/ 81