ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਅੱਖ ਰੋਂਦੀ ਦੂਜੀ ਹੱਸਦੀ

ਇਕ ਅੱਖ ਰੋਂਦੀ,
ਦੂਜੀ ਹੱਸਦੀ।
ਚਿਹਰੇ ਦੀ ਮੁਸਕਾਨ ਨਾ ਦੱਸਦੀ,
ਕਿੱਥੇ ਅੱਜ ਖਲੋਤਾ ਹਾਂ ਮੈਂ?

ਕਦਮ ਅਗਾਂਹ ਹੈ,
ਕਦਮ ਪਿਛਾਂਹ ਹੈ।
ਸਫ਼ਰ ਜਿਵੇਂ ਹੈ ਵਕਤ ਠਹਿਰਿਆ।
ਸਿਰ ਦੇ ਭਾਰ ਖਲੋਤਾ ਹਾਂ ਮੈਂ।

ਦਿਲ ਵਿਚਲੀ ਗੱਲ,
ਮੂੰਹ ਵਿਚ ਹੈ ਨਹੀਂ।
ਮੂੰਹ ਵਿਚਲੀ ਗੱਲ,
ਕੇਵਲ ਓਹੀ।
ਜੋ ਅਗਲੇ ਨੂੰ ਮੇਚੇ ਆਵੇ।
ਬੰਦਾ ਨਹੀਂ, ਹੁਣ ਤੋਤਾ ਹਾਂ ਮੈਂ।

ਰੀਂਘ-ਰੀਂਘ ਤੇ ਉਮਰ ਬਿਤਾਈ।
ਫਿਰ ਵੀ ਲੋਕੀਂ ਦੇਣ ਵਧਾਈ।
ਭੋਲੀ ਜਨਤਾ ਸਮਝ ਰਹੀ ਹੈ,
ਆਪਣੇ ਭਾਰ ਖਲੋਤਾ ਹਾਂ ਮੈਂ।

ਚੱਲ ਨੀ ਜਿੰਦੇ, ਚੱਲ ਕੋਈ ਨਾਂਹ।
ਤੇਰੇ ਨਾਲ ਕੋਈ ਵੱਖ ਹੋਈ ਨਾਂਹ।
ਜ਼ਿੰਦਗਾਨੀ ਦਾ ਸਫ਼ਰ ਕਰਦਿਆਂ,
ਆਪਣੇ ਹੱਥੋਂ ਆਪ ਹਰਦਿਆਂ,
ਧੂੜ ਲਪੇਟੇ ਰਾਹਾਂ ਅੰਦਰ,
ਫਿਰ ਵੀ ਨ੍ਹਾਤਾ ਧੋਤਾ ਹਾਂ ਮੈਂ।

ਧਰਤੀ ਨਾਦ/ 84