ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬਾਪੂ ਤੇਰੇ ਦੇਸ ਵਿਚ

ਬਾਪੂ ਤੇਰੇ ਦੇਸ਼ ਵਿਚ,
ਹਾਕਮਾਂ ਦੇ ਭੇਸ ਵਿਚ,
ਦਾਨਵ ਦਨਦਨਾਉਂਦਾ ਹੈ।
ਆਪੇ ਤੀਲੀ ਬਾਲਦਾ,
ਆਪੇ ਹੀ ਬੁਝਾਉਂਦਾ ਹੈ।

ਬਾਪੂ ਤੇਰੇ ਦੇਸ ਵਿਚ, ਧਰਮ ਵੀ, ਈਮਾਨ ਵੀ।
ਸਾਧੂ ਤੇ ਸ਼ੈਤਾਨ ਵੀ, ਮਨੁੱਖ ਵੀ ਹੈਵਾਨ ਵੀ।
ਇਕੋ ਬੋਲੀ ਬੋਲਦੇ।
ਆਦਮੀ ਦੀ ਲਾਸ਼ ਵੱਟੇ, ਰਾਜ ਭਾਗ ਤੋਲਦੇ।
ਬੜੇ ਸਿਦਕਵਾਨ ਨੇ, ਸੰਘੀਆਂ ਨਪੀੜਦੇ ਨੇ,
ਹੱਥ ਨਹੀਂਓ ਡੋਲਦੇ।

ਬਾਪੂ ਤੇਰੇ ਦੇਸ ਵਿਚ, ਕੈਸਾ ਇਹ ਰਿਵਾਜ ਹੈ।
ਜਿਉਂਦੇ ਬੰਦੇ ਸਾੜ ਕੇ,
ਸਹਿਮੀਆਂ ਮਾਸੂਮ ਜਿੰਦਾਂ,
ਬੂਹਿਆਂ ਅੰਦਰ ਤਾੜ ਕੇ।
ਕੈਸਾ ਰਾਮ ਰਾਜ ਹੈ।
ਰਾਵਣਾਂ ਦੀ ਫੌਜ ਮੱਥੇ, ਸੋਨੇ ਵਾਲਾ ਤਾਜ ਹੈ।

ਬਾਪੂ ਤੇਰੀ ਜਨਮ ਭੂਮੀ, ਜੋ ਸੀ ਤੇਰੀ ਕਰਮ ਭੂਮੀ
ਇਹ ਜੋ ਗੁਜਰਾਤ ਹੈ
ਮਿਲੀ ਕੀਹ ਸੁਗਾਤ ਹੈ,
ਚੰਦ ਸੂਰਜ ਗਾਇਬ ਹੋ ਗਏ, ਚੌਵੀ ਘੰਟੇ ਰਾਤ ਹੈ।

ਬਾਪੂ ਤੇਰੇ ਦੇਸ਼ ਵਿਚ, ਕਿੱਦਾਂ ਦਾ ਅਸੂਲ ਹੈ।
ਕੇਸਰੀ ਪੌਸ਼ਾਕ ਵਾਲਾ, ਠੱਗ ਵੀ ਕਬੂਲ ਹੈ।

ਧਰਤੀ ਨਾਦ/ 87