ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਤਾਂ ਗੋਲੀ ਵਾਂਗੂੰ ਸੀਨੇ ਵਿਚ ਵੱਜਦਾ ਏ,
ਰਾਜੇ ਦਾ ਭਾਸ਼ਨ ਲੱਛੇਦਾਰ ਵੇ ਹਾਂ।

ਹਾਕਮ ਤੋਂ ਨਕਦ ਰੁਪਈਏ, ਦੱਸੋ ਜੀ ਕਿੱਦਾਂ ਲਈਏ,
ਪੁੱਤਰ ਨਾ ਵਿਕਦੇ ਕਿਸੇ ਬਾਜ਼ਾਰ ਵੇ ਹਾਂ।

ਲੱਖਾਂ ਨਹੀਂ, ਕਈ ਕਰੋੜਾਂ, ਖ਼ਰਚੇ ਬਾਰੂਦ ਲਈ,
ਲੀਕਾਂ ਤਾਂ ਉਵੇਂ ਬਰਕਰਾਰ ਵੇ ਹਾਂ।

ਪਹਿਲਾਂ ਹਥਿਆਰ ਫੜਾਵੇ, ਮਗਰੋਂ ਫਿਰ ਸੁਲ੍ਹਾ ਕਰਾਵੇ,
ਕਿੱਦਾਂ ਦਾ ਚਾਤਰ ਥਾਣੇਦਾਰ ਵੇ ਹਾਂ।

ਸਾਡੇ ਹੀ ਮਾਂ ਪਿਉ ਜਾਏ, ਧਰਮਾਂ ਦੀ ਚੁੱਕ ਵਿਚ ਆਏ,
ਲੜਦੇ ਨੇ ਅਕਲੀਂ ਜਿੰਦੇ ਮਾਰ ਵੇ ਹਾਂ।

ਜਾਗੋ ਵੇ ਜਾਗੋ ਲੋਕੋ, ਏਨੀ ਗੱਲ ਜਾਣ ਲਵੋ,
ਬਣਨਾ ਨਹੀਂ ਆਪਾਂ ਹੁਣ ਹਥਿਆਰ ਵੇ ਹਾਂ।

ਜੰਗਾਂ ਕਦ ਸਰਹੱਦ ਉੱਤੇ ਆਖ਼ਰ ਨੂੰ ਰੁਕਣਗੀਆਂ,
ਅਮਨਾਂ ਤੋਂ ਹਾਰੂਗਾ ਹਥਿਆਰ ਵੇ ਹਾਂ।

ਧਰਤੀ ਨਾਦ/ 92