ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਲਾਂ ਲਘੂ ਕਵਿਤਾਵਾਂ

ਜਿੱਥੇ ਕਵਿਤਾ ਜੀਵੇ

ਆਮ ਸਧਾਰਨ ਬੰਦੇ ਅੰਦਰ, ਕਵਿਤਾ ਜੀਵੇ।
ਫੁੱਲ ਪੱਤੀਆਂ, ਖੁਸ਼ਬੋਈਆਂ ਵਾਂਗੂੰ।
ਦੂਰ ਦੇਸ਼, ਪ੍ਰਦੇਸ਼ ਦੇ ਮਿੱਠੇ ਸੁਪਨੇ ਵਾਂਗੂੰ।
ਧੜਕਣ ਧੜਕੇ, ਸਾਹ ਲੈਂਦੀ ਹੈ,
ਸੱਜਰਾ ਖ਼ੂਨ ਜਿਗਰ ਦਾ ਪੀਵੇ।

ਜਦੋਂ ਕਿਤਾਬਾਂ, ਗਿਆਨ-ਫ਼ਲਸਫ਼ੇ,
ਇਹੋ ਜਿਹਾ ਦੁਨਿਆਵੀ ਨਿਕਸੁਕ।
ਆਮ ਸਧਾਰਨ ਬੰਦੇ ਅੰਦਰ ਰਲ ਜਾਂਦਾ ਹੈ,
ਉਸ ਵਿਚੋਂ ਕਵਿਤਾ ਮਰ ਜਾਵੇ।

ਮਾਂ ਦੀ ਬੁੱਕਲ

ਨਾ ਧਰਤੀ ਨਾ ਅੰਬਰ,
ਇਹ ਕੋਈ ਹੋਰ ਹੀ ਥਾਂ ਹੈ।
ਬੁੱਕਲ ਦੇ ਵਿਚ ਲੈ ਕੇ ਬੈਠੀ,
ਮੇਰੀ ਮਾਂ ਹੈ।
ਨਾ ਪੁੱਤਰਾ ਨਾ ਰੋ।
ਨੇਰ੍ਹੇ ਵਿਚੋਂ ਫੁੱਟ ਪਊ ਆਪੇ,
ਕੱਲ੍ਹ ਸੂਰਜ ਦੀ ਲੋਅ।